ਚੰਡੀਗੜ੍ਹ, 22 ਸਤੰਬਰ (22G TV) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮੀਤ ਹੇਅਰ ਨੇ ਅਕਾਲੀ ਦਲ ਬਾਦਲ ਵੱਲੋਂ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀ ਸ਼ਖਤ ਨਿਖੇਧੀ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਕਿਸਾਨਾਂ ਖ਼ਿਲਾਫ਼ ਸੋਚੀ- ਸਮਝੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕਿਸਾਨਾਂ ਨਾਲ ਲੜਨ ਦੀ ਥਾਂ ਕਿਸਾਨਾਂ ਤੇ ਪੰਜਾਬਵਾਸੀਆਂ ਦੇ ਸਵਾਲਾਂ ਦੇ ਦਲੀਲ ਨਾਲ ਜਵਾਬ ਦੇਣੇ ਚਾਹੀਦੇ ਹਨ।
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਵਿਧਾਇਕ ਮੀਤ ਹੇਅਰ ਨੇ ਕਿਹਾ, ‘‘ਬਾਦਲਾਂ ਨੇ ਸਿੱਧ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਉਨ੍ਹਾਂ ਦਾ ਨਹੁੰ ਮਾਸ ਦਾ ਰਿਸਤਾ ਅੱਜ ਵੀ ਕਾਇਮ ਹੈ। ਇਹੀ ਕਾਰਨ ਹੈ ਕਿ ਕੇਂਦਰੀ ਮੰਤਰੀ ਦੇ ਰੂਪ ਵਿੱਚ ਹਰਸਿਮਰਤ ਕੌਰ ਬਾਦਲ ਨੇ ਆਡੀਨੈਂਸਾਂ ’ਤੇ ਦਸਤਖ਼ਤ ਕੀਤੇ ਅਤੇ ਬਾਅਦ ਵਿੱਚ ਬਾਦਲਾਂ ਨੇ ਤਿੰਨ ਮਹੀਨੇ ਤੱਕ ਕਾਲੇ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਸਮਰਥਨ ਅਤੇ ਪ੍ਰਚਾਰ ਕੀਤਾ। ਐਨਾ ਹੀ ਨਹੀਂ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵੀਡੀਓ ਜਾਰੀ ਕਰਕੇ ਇਨਾਂ ਕਾਲੇ ਕਾਨੂੰਨਾਂ ਨੂੰ ਸਹੀ ਦੱਸਦਿਆਂ ਕਿਸਾਨਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਜਦੋਂ ਭਾਜਪਾ ਆਗੂਆਂ ਦੀ ਤਰ੍ਹਾਂ ਕਿਸਾਨਾਂ ਨੇ ਅਕਾਲੀ ਆਗੂਆਂ ਦਾ ਵਿਰੋਧ ਕੀਤਾ ਅਤੇ ਪਿੰਡਾਂ ਵਿੱਚ ਵੜਨਾ ਬੰਦ ਕੀਤਾ ਤਾਂ ਹਰਸਿਮਰਤ ਕੌਰ ਬਾਦਲ ਨੇ ਇੱਕ ਸਾਜਿਸ਼ ਦੇ ਤਹਿਤ ਮੰਤਰੀ ਮੰਡਲ ਤੋਂ ਅਸਤੀਫ਼ਾ ਦਿਤਾ।’’
ਮੀਤ ਹੇਅਰ ਨੇ ਕਿਹਾ ਕਿ ਬੀਬਾ ਬਾਦਲ ਦਾ ਅਸਤੀਫ਼ਾ ਕੇਵਲ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਦਿੱਤਾ ਗਿਆ ਸੀ, ਅਸਲ ਵਿੱਚ ਬਾਦਲ ਪਰਿਵਾਰ ਅੱਜ ਵੀ ਭਾਜਪਾ ਦੇ ਨਾਲ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦਾ ਦਿਲ ਅੱਜ ਵੀ ਭਾਜਪਾ ਲਈ ਧੜਕਦਾ ਹੈ ਅਤੇ ਬਾਦਲਾਂ ਦੀ ਭਾਜਪਾ ਦੇ ਨਾਲ ਅੰਦਰ ਖਾਤੇ ਮਿਲੀਭੁਗਤ ਹੁਣ ਜੱਗ ਜਾਹਿਰ ਹੋ ਚੁੱਕੀ ਹੈ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਵੱਡੇ ਬਾਦਲ ਦੀ ਕਾਲੇ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਬਾਰੇ ਖ਼ਾਮੋਸ਼ੀ ਨੇ ਸਿੱਧ ਕਰ ਦਿੱਤਾ ਹੈ ਕਿ ਅਕਾਲੀ- ਭਾਜਪਾ ਗਠਜੋੜ ਅਸਿੱਧੇ ਤੌਰ ’ਤੇ ਅੱਜ ਵੀ ਜਾਰੀ ਹੈ ਅਤੇ ਚੋਣਾ ਤੋਂ ਬਾਅਦ ਅਕਾਲੀ ਦਲ ਫਿਰ ਤੋਂ ਭਾਜਪਾ ਨਾਲ ਹੱਥ ਮਿਲਾ ਲਵੇਗਾ। ਇਹ ਗੱਲ ਪੰਜਾਬ ਦੇ ਕਿਸਾਨ ਅਤੇ ਜਾਗਰੂਕ ਲੋਕ ਵੀ ਸਮਝਣ ਅਤੇ ਬੋਲਣ ਲੱਗੇ ਹਨ। ਆਪ ਆਗੂ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਨੂੰ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਲੀ ਨੀਤੀ ਛੱਡਣੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਕੋਲੋਂ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣੇ ਚਾਹੀਦੇ ਹਨ।