ਲੁਧਿਆਣਾ, 31 ਜਨਵਰੀ, 2023 (22G TV) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ‘ਤੇ ਚੱਲਦਿਆਂ, ਯੂਨਾਈਟਿਡ ਸਿੱਖਸ ਨੇ ‘ਪ੍ਰੋਜੈਕਟ ਕਿਰਤੀ’ ਸ਼ੁਰੂ ਕੀਤਾ ਹੈ, ਜਿਸਦਾ ਉਦੇਸ਼ ਸਮਾਜ ਦੇ ਪੱਛੜੇ ਵਰਗਾਂ ਨੂੰ ਘੋਰ ਗਰੀਬੀ ਤੋਂ ਬਾਹਰ ਕੱਢਣਾ ਹੈ। ਇਸ ਦਾ ਮੁੱਖ ਉਦੇਸ਼ ਸਭ ਤੋਂ ਗਰੀਬ ਲੋਕਾਂ ਦੀ ਰੋਜ਼ੀ-ਰੋਟੀ ਦੇ ਸਾਧਨਾਂ ਜਿਵੇਂ ਕਿ ਇਲੈਕਟ੍ਰਿਕ ਰਿਕਸ਼ਾ, ਵੈਲਡਿੰਗ ਸੈੱਟ, ਸਿਲਾਈ ਮਸ਼ੀਨਾਂ ਆਦਿ ਖਰੀਦਣ ਵਿੱਚ ਮਦਦ ਕਰਕੇ ਆਰਥਿਕ ਸਵੈ-ਨਿਰਭਰਤਾ ਪੈਦਾ ਕਰਨਾ ਹੈ।
ਅੱਜ ਦਾ ਸੰਸਾਰ ਹੈਰਾਨ ਕਰਨ ਵਾਲੀ ਅਸਮਾਨਤਾ ਨਾਲ ਭਰਿਆ ਹੋਇਆ ਹੈ, ਜਿਸ ਵਿੱਚ ਮੁੱਠੀ ਭਰ ਲੋਕਾਂ ਕੋਲ ਸਭ ਕੁਝ ਹੈ, ਜਦੋਂ ਕਿ ਕਰੋੜਾਂ ਲੋਕਾਂ ਕੋਲ ਨੌਕਰੀ ਕਰਕੇ ਪੈਸਾ ਕਮਾਉਣ ਦਾ ‘ਕਿਰਤ’ ਸਾਧਨ ਵੀ ਨਹੀਂ ਹੈ। ਪ੍ਰਸਿੱਧ ਅਭਿਨੇਤਾ ਅਤੇ ਯੂਨਾਈਟਿਡ ਸਿੱਖਸ ਦੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਗੁਰਪ੍ਰੀਤ ਸਿੰਘ ਘੁੱਗੀ ਨੇ ਅੱਜ ਫੇਜ਼ 1, ਦੁੱਗਰੀ ਮਾਰਕੀਟ, ਲੁਧਿਆਣਾ ਵਿਖੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।
ਇਸ ਉਪਰਾਲੇ ਲਈ ਸਾਰਿਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਇਸ ਪਹਿਲਕਦਮੀ ਵਿੱਚ ਸ਼ਾਮਲ ਹੋ ਕੇ ਤੁਸੀਂ ਇੱਕ ਵਿਅਕਤੀ ਤੇ ਸੰਭਵ ਤੌਰ ‘ਤੇ ਉਨ੍ਹਾਂ ਦੇ ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਬਦਲ ਸਕਦੇ ਹੋ। ਅਜਿਹਾ ਕਰਨ ਨਾਲ ਤੁਸੀਂ ਕਿਸੇ ਨੂੰ ਵੀ ਸਭ ਤੋਂ ਮਹਾਨ ਤੋਹਫ਼ੇ ਦੇ ਰਹੇ ਹੋ – ਇੱਕ ਸਨਮਾਨਜਨਕ ਜੀਵਨ ਜਿਊਣ ਦੀ ਸਹੂਲਤ।”
ਇਸ ਮੌਕੇ ਯੂਨਾਈਟਿਡ ਸਿੱਖਸ ਕੈਨੇਡਾ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਯੂਨਾਈਟਿਡ ਸਿੱਖਸ ਬਰਾਬਰੀ, ਘੱਟ ਗਿਣਤੀਆਂ ਦੇ ਅਧਿਕਾਰਾਂ ਅਤੇ ਗਰੀਬਾਂ ਦੇ ਵਿਕਾਸ ਲਈ ਵਚਨਬੱਧ ਹੈ। ਪ੍ਰੋਜੈਕਟ ਕਿਰਤੀ ਵੀ ਇਸੇ ਦਿਸ਼ਾ ਵਿੱਚ ਇੱਕ ਪਹਿਲ ਹੈ।
ਯੂਨਾਈਟਿਡ ਸਿੱਖਸ ਇੰਡੀਆ ਦੇ ਡਾਇਰੈਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਕਿਰਤ ਦੀ ਪਵਿੱਤਰ ਧਾਰਨਾ ਇੱਕ ਚੰਗੇ ਸਮਾਜ ਦੀ ਉਸਾਰੀ ਲਈ ਜ਼ਰੂਰੀ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮੁਹਿੰਮ ਨੂੰ ਬਹੁਤ ਜ਼ਰੂਰੀ ਤਬਦੀਲੀ ਦਾ ਸਾਧਨ ਬਣਾਉਣ ਲਈ ਸਾਡੇ ਨਾਲ ਜੁੜਨ।
ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਅਮਿਤ ਸਿੰਘ ਨੇ ਕਿਹਾ ਕਿ ਇਹ ਕਿਰਤੀ ਪ੍ਰੋਜੇਕਟ ਅੱਤ ਲੋੜਵੰਦ ਤੇ ਦਾਨੀ ਸੱਜਣਾ ਵਿਚਕਾਰ ਇਕ ਵੱਡਾ ਉਪਰਾਲਾ ਸਾਬਿਤ ਹੋਏਗਾ।
ਪ੍ਰੋਜੈਕਟ ਕਿਰਤੀ’ ਦਾ ਅਰਥ ਮੁਫ਼ਤ ਵਿਚ ਦੇਣ ਦਾ ਨਹੀਂ ਹੈ, ਸਗੋਂ ਸਾਡੇ ਗੁਰੂ ਦੀਆਂ ਸਿੱਖਿਆਵਾਂ ਨੂੰ ਮੁੱਖ ਰੱਖ ਕੇ ਕਿਰਤੀ-ਕਿਰਤ ਅਰਥਾਤ ਸਖ਼ਤ ਮਿਹਨਤ ਦਾ ਵਿਚਾਰ ਉਪਜਿਆ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਜ਼ਿੰਦਗੀ ਜਿਊਣ ਲਈ ਸਖ਼ਤ ਮਿਹਨਤ ਤੇ ਇੱਜ਼ਤ ਨਾਲ ਰੋਜ਼ੀ-ਰੋਟੀ ਕਮਾਉਣ ਲਈ ਉਤਸ਼ਾਹਿਤ ਕਰਨਾ ਹੈ। ਇਸ ਤਹਿਤ ਯੂਨਾਈਟਿਡ ਸਿੱਖ ਫੰਡ ਜੁਟਾਉਣ ਲਈ ਬੈਂਕ ਨੂੰ ਸ਼ੁਰੂਆਤੀ ਡਾਊਨਪੇਮੈਂਟ ਕਰੇਗਾ, ਪਰ ਲਾਭਪਾਤਰੀ ਨੂੰ ਬਾਕੀ ਰਕਮ ਕਿਸ਼ਤਾਂ ਵਿੱਚ ਖੁਦ ਅਦਾ ਕਰਨੀ ਪਵੇਗੀ। ਉਪਕਰਨਾਂ ਦੀ ਮਾਲਕੀ ਉਨ੍ਹਾਂ ਦੀ ਮਦਦ ਕਰੇਗੀ, ਜਦੋਂ ਕਿ ਕਰਜ਼ੇ ਦੀ ਅਦਾਇਗੀ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਕੰਮ ਕਰਨ ਲਈ ਮਜਬੂਰ ਕਰੇਗੀ।