Home Punjab/Chandigarh singer Kanwar Grewal inaugurated the Roundglass Foundation’s mini forest at Dera Bassi

singer Kanwar Grewal inaugurated the Roundglass Foundation’s mini forest at Dera Bassi

439
0
Kanwar Grewal Mini Forest
Kanwar Grewal Mini Forest

ਮੋਹਾਲੀ, ਜੁਲਾਈ 12, 2022(22G TV) ਰਾਊਂਡਗਲਾਸ ਫ਼ਾਊਂਡੇਸ਼ਨ ਵੱਲੋਂ ਵਣ ਮਹਾਉਤਸਵ ਸਮਾਰੋਹ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਪਿੰਡ ਸਾਧਨਪੁਰ, ਡੇਰਾਬੱਸੀ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਹਾਜ਼ਰੀ ਲਗਵਾ ਕੇ ਬੂਟੇ ਲਗਾਉਣ ਦੀ ਮੁਹਿੰਮ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਵੀ ਕੰਵਰ ਗਰੇਵਾਲ ਨੇ ਰਾਊਂਡਗਲਾਸ ਫ਼ਾਊਂਡੇਸ਼ਨ ਨਾਲ ਮਿਲ ਕੇ ਪਿੰਡ ਟੋਡਰਮਾਜਰਾ ਵਿੱਚ ਆਪਣੇ ਫਾਰਮ ਹਾਊਸ ਵਿੱਚ ਇੱਕ ਮਿੰਨੀ ਜੰਗਲ ਬਣਾਇਆ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਕੰਵਰ ਗਰੇਵਾਲ ਨੇ ਕਿਹਾ ਕਿ’ “ਇੱਕ ਰੁੱਖ ਲਗਾਉਣ ਨਾਲ਼ ਅਸੀਂ ਆਪਣੇ ਗੁਰੂ ਸਾਹਿਬ ਜੀ ਦੇ ਤਿੰਨ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਾਂ – ਪਵਨ (ਗੁਰੂ), ਪਾਣੀ (ਪਿਤਾ) ਅਤੇ ਧਰਤੀ (ਮਾਤਾ)। ਜਦੋਂ ਵੀ ਮੈਂ ਆਪਣੇ ਫਾਰਮ ਹਾਊਸ ’ਤੇ ਬਣੇ ਮਿੰਨੀ ਜੰਗਲ ਨੂੰ ਦੇਖਦਾ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਨੂੰ ਪੰਜਾਬ ਦੇ ਅਜਿਹੇ ਕੀਮਤੀ ਦਰਖਤ ਮਿਲ ਗਏ ਹਨ ਜਿਹੜੇ ਕਿ ਕਿਤੇ ਗੁਆਚ ਗਏ ਸਨ। ਮੈਂ ਰਾਊਂਡਗਲਾਸ ਫ਼ਾਊਂਡੇਸ਼ਨ ਦਾ ਦਿਲੋਂ ਧੰਨਵਾਦੀ ਹਾਂ ਜੋ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਬਣਾਉਣ ਲਈ ਮੋਹਾਲੀ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਮਿੰਨੀ ਜੰਗਲ ਲਗਾ ਰਹੇ ਹਨ।”

ਰਾਊਂਡਗਲਾਸ ਫ਼ਾਊਂਡੇਸ਼ਨ 1 ਤੋਂ 17 ਜੁਲਾਈ ਦੌਰਾਨ ਪੰਜਾਬ ਦੇ 75 ਪਿੰਡਾਂ ਵਿੱਚ 75 ਮਿੰਨੀ ਜੰਗਲ ਵਿੱਚ 100,000 ਰੁੱਖ ਲਗਾ ਰਹੀ ਹੈ। ਪੌਦੇ ਲਗਾਉਣ ਦੇ ਮੌਸਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਹਫ਼ਤੇ ਭਰ ਚੱਲਣ ਵਾਲੇ ਤਿਉਹਾਰ ਨੂੰ ਦੋ ਹਫ਼ਤਿਆਂ ਲਈ ਮਨਾਇਆ ਜਾ ਰਿਹਾ ਹੈ। ਇਹ ਗਤੀਵਿਧੀ ਰਾਊਂਡਗਲਾਸ ਫ਼ਾਊਂਡੇਸ਼ਨ ਦੀ ਚੱਲ ਰਹੀ ਪਲਾਂਟ ਫ਼ਾਰ ਪੰਜਾਬ ਪਹਿਲਕਦਮੀ ਦਾ ਹਿੱਸਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਰੁੱਖ ਪੰਜਾਬ ਦੇ ਰਿਵਾਇਤੀ ਰੁੱਖ ਹਨ ਜਿਹੜੇ ਕਿ ਸਥਾਨਕ ਜੈਵ ਵਿਭਿੰਨਤਾ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਨਗੇ। ਪੁਨਰ-ਜੰਗਲੀਕਰਨ ਰੁੱਖਾਂ ਰਾਹੀਂ ਕਾਰਬਨ ਮਾਤਰਾ ਨੂੰ ਵਧਾ ਕੇ ਨਾ ਸਿਰਫ਼ ਜਲਵਾਯੂ ਪਰਿਵਰਤਨ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਬਲਕਿ ਇਹ ਪਾਣੀ ਦਾ ਪੱਧਰ ਠੀਕ ਰੱਖਦਾ ਹੈ, ਭੌਂ-ਖੋਰ ਅਤੇ ਮਾਰੂਥਲੀਕਰਨ ਨੂੰ ਰੋਕਦਾ ਹੈ ਅਤੇ ਜੰਗਲੀ ਜੀਵਾਂ ਦੇ ਨਿਵਾਸ ਸਥਾਨਾਂ ਨੂੰ ਵੀ ਬਹਾਲ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਅਜਿਹੀਆਂ ਮੁਹਿੰਮਾਂ ਰਾਹੀਂ ਸਥਾਨਕ ਭਾਈਚਾਰਿਆਂ ਦੀ ਸਿਹਤ ਅਤੇ ਰੋਜ਼ੀ-ਰੋਟੀ ਵਿੱਚ ਵੀ ਸੁਧਾਰ ਹੁੰਦਾ ਹੈ।

ਵਣ ਮਹਾਉਤਸਵ ਦੇ ਹਿੱਸੇ ਵਜੋਂ, ਫ਼ਾਊਂਡੇਸ਼ਨ ਚਾਰ ਜ਼ਿਲ੍ਹਿਆਂ – ਸੰਗਰੂਰ, ਫਰੀਦਕੋਟ, ਮੋਹਾਲੀ ਅਤੇ ਮੋਗਾ ਵਿੱਚ ਬੂਟੇ ਲਗਾਉਣ ਦੇ ਸਮਾਗਮਾਂ ਅਤੇ ਮੁਹਿੰਮਾਂ ਦੀ ਮੇਜ਼ਬਾਨੀ ਕਰ ਰਹੀ ਹੈ। ਰਾਊਂਡਗਲਾਸ ਫ਼ਾਊਂਡੇਸ਼ਨ ਦੇ ਲੀਡਰ ਵਿਸ਼ਾਲ ਚਾਵਲਾ ਨੇ ਰੁੱਖ ਲਗਾਉਣ ਦੀ ਮੁਹਿੰਮ ਲਈ ਸਮਰਥਨ ਦੇਣ ਲਈ ਗਾਇਕ ਕੰਵਰ ਗਰੇਵਾਲ ਦਾ ਵਿਸੇਸ਼ ਧੰਨਵਾਦ ਕੀਤਾ। “ਸਥਾਨਕ ਸੰਸਥਾਵਾਂ ਅਤੇ ਰਾਜ ਸਰਕਾਰ, ਅਤੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਸਾਡੀਆਂ ਬੂਟੇ ਲਗਾਉਣ ਦੀਆਂ ਮੁਹਿੰਮਾਂ ਵਿੱਚ ਵਧ ਚੜ੍ਹ ਕੇ ਸਾਡਾ ਸਾਥ ਦਿੱਤਾ ਹੈ। ਸਾਡਾ ਟੀਚਾ ਪੰਜਾਬ ਵਿੱਚ ਇੱਕ ਅਰਬ ਰੁੱਖ ਲਗਾਉਣ ਦਾ ਹੈ ਤਾਂ ਜੋ ਇਸ ਦੇ ਜੰਗਲਾਤ ਖੇਤਰ ਨੂੰ ਬਹਾਲ ਕੀਤਾ ਜਾ ਸਕੇ।”

ਪਲਾਂਟ ਫਾਰ ਪੰਜਾਬ ਪਹਿਲਕਦਮੀ ਤਹਿਤ ਪਹਿਲਾਂ ਹੀ 800,000 ਤੋਂ ਵੱਧ ਰੁੱਖ ਲਗਾਏ ਜਾ ਚੁੱਕੇ ਹਨ ਅਤੇ ਪੰਜਾਬ ਦੇ 800 ਪਿੰਡਾਂ ਵਿੱਚ 600 ਤੋਂ ਵੱਧ ਮਿੰਨੀ ਜੰਗਲ ਲਗਾਏ ਜਾ ਚੁੱਕੇ ਹਨ।

ਇਸ ਪਹਿਲਕਦਮੀ ਬਾਰੇ ਵਿਸਥਾਰ ਵਿੱਚ ਦੱਸਦਿਆਂ, ਸ੍ਰੀ ਚਾਵਲਾ ਨੇ ਅੱਗੇ ਕਿਹਾ: “ਰਾਊਂਡਗਲਾਸ ਫ਼ਾਊਂਡੇਸ਼ਨ ਵਿਖੇ ਅਸੀਂ ਪੰਚਾਇਤਾਂ, ਭਾਈਚਾਰਿਆਂ, ਯੂਥ ਕਲੱਬਾਂ ਅਤੇ ਈਕੋ-ਕਲੱਬਾਂ ਨਾਲ਼ ਮਿਲ ਕੇ ਪੰਜਾਬ ਦੀ ਹਰਿਆਲੀ ਨੂੰ ਬਹਾਲ ਕਰਨ ਲਈ ਜ਼ਿੰਮੇਵਾਰ ਅਤੇ ਟਿਕਾਊ ਸਿਸਟਮ ਲਗਾਉਂਦੇ ਹਾਂ। ਇਸ ਪਹਿਲਕਦਮੀ ਦੇ ਤਹਿਤ ਪੰਜਾਬ ਦੇ ਦੇਸੀ ਰੁੱਖ ਜਿਵੇਂ ਕਿ ਵਣ, ਪੀਲੂ, ਰੋਹੇੜਾ, ਦੇਸੀ ਬੇਰੀ, ਰੇੜੂ ਆਦਿ ਲਗਾਏ ਜਾਂਦੇ ਹਨ, ਅਜਿਹੇ ਰੁੱਖ ਜਿਹੜੇ ਕਿ ਅਲੋਪ ਹੋਣ ਦੀ ਕਗਾਰ ’ਤੇ ਹਨ। ਇਸ ਪਹਿਲਕਦਮੀ ਤੋਂ ਪ੍ਰੇਰਿਤ ਹੋ ਕੇ, ਪਿਛਲੇ ਸਾਲ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚੋਂ ਲਗਭਗ 70 ਕਿਸਾਨਾਂ ਨੇ ਰਾਊਂਡਗਲਾਸ ਫ਼ਾਊਂਡੇਸ਼ਨ ਦੀ ਮਦਦ ਨਾਲ਼ ਆਪਣੇ ਖੇਤਾਂ ’ਤੇ ਮਿੰਨੀ-ਜੰਗਲ ਬਣਾਏ ਹਨ।”

ਵਣ ਮਹਾਉਤਸਵ ਰੁੱਖ ਲਗਾਉਣ ਦਾ ਇੱਕ ਸਲਾਨਾ ਤਿਉਹਾਰ ਹੈ, ਜਿਸਦੀ ਸ਼ੁਰੂਆਤ ਇੱਕ ਸਿਵਲ ਸੇਵਕ ਅਤੇ ਬਨਸਪਤੀ ਵਿਗਿਆਨੀ ਐਮ.ਐਸ. ਰੰਧਾਵਾ ਦੁਆਰਾ 1947 ਵਿੱਚ ਕੀਤੀ ਗਈ ਸੀ। ਉਦੋਂ ਤੋਂ ਹੀ ਵਣ ਮਹਾਉਤਸਵ ਮਨਾਉਣ ਅਤੇ ਰੁੱਖ ਲਗਾਉਣ ਦੀ ਪਰੰਪਰਾ ਜਾਰੀ ਹੈ। ਇਸ ਤਿਉਹਾਰ ਦੀ ਮੇਜ਼ਬਾਨੀ ਪੂਰੇ ਭਾਰਤ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਕੀਤੀ ਜਾਂਦੀ ਹੈ। ਇਸ ਵੇਲੇ ਮਾਨਸੂਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਮਿੱਟੀ ਵਿੱਚ ਪੌਦੇ ਦੇ ਵਾਧੇ ਵਿਕਾਸ ਲਈ ਉਚਿਤ ਮਾਤਰਾ ਵਿੱਚ ਪਾਣੀ ਹੁੰਦਾ ਹੈ।

ਪਿਛਲੇ ਹਫਤੇ, ਰਾਊਂਡਗਲਾਸ ਫਾਊਂਡੇਸ਼ਨ ਨੇ ਮੋਗਾ ਅਤੇ ਫ਼ਰੀਦਕੋਟ ਵਿਖੇ ਵੀ ਇਸੇ ਤਰ੍ਹਾਂ ਦੇ ਪੌਦੇ ਲਗਾਉਣ ਦੀ ਮੁਹਿੰਮ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਕ੍ਰਮਵਾਰ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਸ਼ਿਰਕਤ ਕੀਤੀ ਸੀ।