ਚੰਡੀਗੜ੍ਹ, 1 ਜੁਲਾਈ (22G TV) ਆਗਾਮੀ ਰਾਸ਼ਟਰਪਤੀ ਚੋਣਾਂ ਲਈ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ, ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਸਮਰਥਨ ਦੇਣ ਦਾ ਫ਼ੈਸਲਾ ਲਿਆ ਹੈ। ਸ਼੍ਰੀਮਤੀ ਮੁਰਮੂ ਘੱਟ ਗਿਣਤੀਆਂ, ਆਦਿਵਾਸੀਆਂ, ਪੀੜਤ ਅਤੇ ਪੱਛੜੇ ਵਰਗਾਂ ਦੇ ਨਾਲ-ਨਾਲ ਔਰਤਾਂ ਦੇ ਮਾਣ-ਸਨਮਾਨ ਵਜੋਂ ਜਾਣੇ ਜਾਂਦੇ ਹਨ। ਆਪਣੇ ਸਿਆਸੀ ਜੀਵਨ ਦੌਰਾਨ ਉਹ ਗ਼ਰੀਬ ਤਬਕੇ ਦੇ ਪ੍ਰਤੀਕ ਬਣ ਕੇ ਉੱਭਰੇ ਹਨ।
ਪਾਰਟੀ ਦੀ ਕੋਰ ਕਮੇਟੀ ਦੀ 3 ਘੰਟੇ ਚੱਲੀ ਮੀਟਿੰਗ ਵਿਚ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਕਿ ਚਾਹੇ ਪਹਿਲਾਂ ਖੇਤੀ ਕਨੂੰਨਾਂ ਦੀ ਗੱਲ ਹੋਵੇ ਤੇ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੌਜੂਦਾ ਮੁੱਦਾ, ਭਾਜਪਾ ਨਾਲ ਸਾਡੇ ਸਿਆਸੀ ਮਤਭੇਦ ਆਪਣੀ ਥਾਂ ਬਰਕਰਾਰ ਹਨ, ਪਰ ਅਸੀਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਅਤੇ 1984 ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਦੇ ਨਹੀਂ ਕਰ ਸਕਦੇ।ਬਾਅਦ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀਮਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਪਾਰਟੀ ਵੱਲੋਂ ਉਹਨਾਂ ਦੀ ਹਮਾਇਤ ਦੇ ਫੈਸਲੇ ਤੋਂ ਜਾਣੂ ਕਰਵਾਇਆ। ਸ੍ਰੀਮਤੀ ਮੁਰਮੂ ਨੇ ਇਸ ਹਮਾਇਤ ਲਈ ਅਕਾਲੀ ਦਲ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਤੇ ਚਰਨਜੀਤ ਸਿੰਘ ਅਟਵਾਲ ਵੀ ਪਾਰਟੀ ਦੇ ਪ੍ਰਧਾਨ ਦੇ ਨਾਲ ਸਨ।
ਇਸ ਤੋਂ ਪਹਿਲਾਂ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਢਾ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫੋਨ ਕਰ ਕੇ ਸ੍ਰੀਮਤੀ ਮੁਰਮੂ ਲਈ ਪਾਰਟੀ ਦੀ ਹਮਾਇਤ ਮੰਗੀ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀ ਨੱਢਾ ਨੂੰ ਦੱਸਿਆ ਸੀ ਕਿ ਅਕਾਲੀ ਦੀ ਲੀਡਰਸ਼ਿਪ ਸਮੂਹਿਕ ਤੌਰ ’ਤੇ ਫ਼ੈਸਲਾ ਲਵੇਗੀ ਜਿਸ ਤੋਂ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ।
ਕੋਰ ਕਮੇਟੀ ਦੀ ਮੀਟਿੰਗ ਵਿਚ ਪਾਸ ਕੀਤੇ ਮਤੇ ਵਿਚ ਦੇਸ਼ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਧਾਰਮਿਕ ਸਹਿਣਸ਼ੀਲਤਾ ਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ’ਤੇ ਹੋ ਰਹੇ ਹਮਲੇ ਪ੍ਰਤੀ ਚਿੰਤਾ ਪ੍ਰਗਟ ਕੀਤੀ ਗਈ। ਇਹ ਕਿਹਾ ਗਿਆ ਕਿ ਪਾਰਟੀ ਕਦੇ ਵੀ ਆਪਣੇ ਪੰਜਾਬ ਪੱਖੀ, ਘੱਟ ਗਿਣਤੀਆਂ ਪੱਖੀ, ਕਿਸਾਨ ਪੱਖੀ ਅਤੇ ਗ਼ਰੀਬ ਪੱਖੀ ਏਜੰਡੇ ਤੋਂ ਪਿੱਛੇ ਨਹੀਂ ਹਟੇਗੀ।
ਸਾਡੇ ਵੰਡ ਪਾਊ ਤੇ ਫਿਰਕਾਪ੍ਰਸਤ ਧਰੁਵੀਕਰਨ ਖਾਸ ਤੌਰ ‘ਤੇ ਮੌਜੂਦਾ ਐਨ ਡੀ ਏ ਸਰਕਾਰ ਦੇ ਰਾਜ ਵਿਚ ਘੱਟ ਗਿਣਤੀਆਂ ਦੇ ਮਨਾਂ ਵਿਚ ਪੈਦਾ ਹੋਈ ਅਸੁਰੱਖਿਆ ਸਮੇਤ ਚਲ ਰਹੇ ਮਾਹੌਲ ਨੁੰ ਲੈ ਕੇ ਸਾਡੇ ਭਾਜਪਾ ਨਾਲ ਮਤਭੇਦ ਹਨ ਪਰ ਅਕਾਲੀ ਦਲ ਹਮੇਸ਼ਾ ਆਪਣੇ ਸਿਧਾਂਤਾਂ ‘ਤੇ ਚੱਲਿਆ ਹੈ ਜਿਸ ਮੁਤਾਬਕ ਅਸੀਂ ਸ੍ਰੀਮਤੀ ਮੁਰਮੂ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਨਾ ਸਿਰਫ ਮਹਿਲਾਵਾਂ ਦੀ ਬਲਕਿ ਦਬੇ ਕੁਚਲੇ ਤੇ ਘੱਟ ਗਿਣਤੀਆਂ ਦੇ ਪ੍ਰਤੀਕ ਹਨ।
ਸਿੱਖ ਕੌਮ ਤੇ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਵਾਸਤੇ ਸ਼੍ਰੋਮਣੀ ਅਕਾਲੀ ਦਲ ਨਿਰਵਿਘਨ ਯਤਨਸ਼ੀਲ ਰਹੇਗਾ, ਜਿਹਨਾਂ ਵਿੱਚ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ, ਚੰਡੀਗੜ੍ਹ ਨੂੰ ਅਧਿਕਾਰਤ ਤੌਰ ‘ਤੇ ਪੰਜਾਬ ਨੂੰ ਸੌਂਪਣ ਅਤੇ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਨਾਲ ਜੁੜੇ ਰਹਿਣਾ ਸ਼ਾਮਲ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕੀਤੇ ਹਨ ਅਤੇ ਹਮੇਸ਼ਾਂ ਦੇਸ ਦੇ ਵਡੇਰੇ ਹਿੱਤਾਂ ਲਈ ਵਖਰੇਵਿਆਂ ਦੇ ਬਾਵਜੂਦ ਵੀ ਆਪਣਾ ਫਰਜ ਨਿਭਾਇਆ ਹੈ ਪਰ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਸਿੱਖ ਕੌਮ ਦੇ ਅੱਤ ਗੰਭੀਰ ਮਸਲਿਆਂ ਅਤੇ ਪੰਜਾਬ ਦੇ ਸੰਜੀਦਾ ਹੱਕਾਂ ਵੱਲ ਵੀ ਦੇਸ ਦੇ ਸਰਵ-ਉੱਚ ਆਹੁਦਿਆਂ ਉੱਤੇ ਬਿਰਾਜਮਾਨ ਸਖ਼ਸ਼ੀਅਤਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਏਨਾਂ ਦਾ ਛੇਤੀ ਹੱਲ ਕਰਨਾ ਚਾਹੀਦਾ ਹੈ।