ਲੁਧਿਆਣਾ, 25 ਜਨਵਰੀ (22G TV) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਡੀ ਜੀ ਪੀ ਸਿਧਾਰਥ ਚਟੋਪਾਧਿਆਏ ਵੱਲੋਂ ਭੋਗਾ ਨਸ਼ੇ ਮਾਮਲੇ ਦੇ ਇਕ ਭਗੌੜੇ ਦੇ ਹੁਕਮ ਵਜਾਉਣ ਦੇ ਦੋਸ਼ਾਂ ਵਿਚ ਉਹਨਾਂ ਨੁੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੁੰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਨਸ਼ਿਆਂ ਦੇ ਝੁਠੇ ਕੇਸ ਵਿਚ ਫਸਾਇਆ ਹੈ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਜੇਕਰ ਨਸ਼ਿਆਂ ਦੇ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਵੱਲੋਂ ਕੁਝ ਵੀ ਗਲਤ ਹੋਣ ਦਾ ਇਕ ਵੀ ਸਬੂਤ ਮਿਲੇ ਤਾਂ ਉਹ ਰਾਜਨੀਤੀ ਛੱਡ ਦੇਣਗੇ, ਨੇ ਕਿਹਾ ਕਿ ਸਿਧਾਰਥ ਚਟੋਪਾਧਿਆਏ ਨੁੰ ਗ੍ਰਿਫਤਾਰ ਕਰਨ ਨਾਲ ਮਜੀਠੀਆ ਨੁੰ ਝੁਠੇ ਕੇਸ ਵਿਚ ਫਸਾਉਣ ਦੀ ਸਾਰੀ ਸਾਜ਼ਿਸ਼ ਵੀ ਬੇਨਕਾਬ ਹੋ ਜਾਵੇਗੀ।
ਉਹਨਾਂ ਕਿਹਾ ਕਿ ਚਟੋਪਾਧਿਆਏ ਦੇ ਖਿਲਾਫ ਸਾਰੇ ਸਬੂਤ ਹੁਣ ਜਨਤਕ ਹਨ ਤੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਹੁਣ ਤੱਕ ਚਟੋਪਾਧਿਆਏ ਦੇ ਖਿਲਾਫ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਡੀ ਜੀ ਪੀ ਵੱਲੋਂ ਭਗੌੜੇ ਤੋਂ ਹੁਕਮ ਲੈਣ ਦੇ ਆਡੀਓ ਟੇਪ ਮੌਜੂਦ ਹਨ। ਉਹ ਭਗੌੜੇ ਤੋਂ ਹੁਕਮ ਲੈ ਰਹੇ ਹਨ ਕਿ ਕਿਹੜੇ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ ਕਿਥੇ ਕਰਨਾ ਹੈ ਤੇ ਕਿਵੇਂ ਗੈਰ ਕਾਨੁੰਨ ਪੁੱਛ ਗਿੱਛ ਤੇ ਡਿਟੈਨਸ਼ਨ ਸੈਂਟਰ ਬਣਾਉਣਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਨੇ ਗਾਇਕ ਤੋਂ ਕਾਂਗਰਸੀ ਬਣੇ ਸਿੱਧੂ ਮੁਸੇਵਾਲੇ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਦੋਂ ਕਿ ਉਹ ਵੀ ਇਕ ਭਗੌੜਾ ਹੈ। ਉਹਨਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਨੁੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹਾਲਾਂਕਿ ਉਸਦੇ ਖਿਲਾਫ ਜਬਰ ਜਨਾਹ ਦਾ ਕੇਸ ਦਰਜ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਸਦੇ ਉਲਟ ਸ੍ਰੀ ਮਜੀਠੀਆ ਦੇ ਖਿਲਾਫ ਨਾ ਸਿਰਫ ਝੁਠਾ ਕੇਸ ਦਰਜ ਕੀਤਾ ਗਿਆ ਬਲਕਿ ਐਨ ਡੀ ਪੀ ਐਸ ਐਕਟ ਦੀ ਧਾਰਾ 37 ਵੀ ਜੋੜੀ ਗਈ ਤਾਂ ਜੋ ਉਹ ਅਗਾਉਂ ਜ਼ਮਾਨਤ ਹਾਸਲ ਨਾ ਕਰ ਸਕਣ।ਉਹਨਾਂ ਕਿਹਾ ਕਿ ਇਸੇ ਤਕਨੀਕੀ ਆਧਾਰ ’ਤੇ ਉਹਨਾਂ ਦੀ ਅਗਾਉਂ ਜ਼ਮਾਨਤ ਖਾਰਜ ਕੀਤੀ ਗਈ ਹੈ ਪਰ ਅਸੀਂ ਹੁਣ ਇਸ ਲਈ ਸੁਪਰੀਮ ਕੋਰਟ ਜਾਵਾਂਗੇ। ਉਹਨਾਂ ਨੇ ਇਹ ਵੀ ਕਿਹਾ ਕਿ ਸਾਰੀਆਂ ਕੌਮੀ ਪਾਰਟੀਆਂ ਸੱਤਾ ਵਿਚ ਆਉਣ ਲਈ ਅਕਾਲੀ ਦਲ ਦਾ ਰਾਹ ਰੋਕ ਰਹੀਆਂ ਹਨ ਤੇ ਸਰਦਾਰ ਮਜੀਠੀਆ ਨੂੰ ਬਦਲਾਖੋਰੀ ਦੀ ਨੀਤੀ ਤਹਿਤ ਚੁਣਿਆ ਗਿਆ ਕਿਉਂਕਿ ਉਹਨਾਂ ਨੇ ਹਮੇਸ਼ਾ ਹਰ ਅਨਿਆਂ ਦਾ ਅੱਗੇ ਹੋ ਕੇ ਮੁਕਾਬਲਾ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਕਾਂਗਰਸ ਦੇ ਰਾਜ ਕਾਲ ਦੌਰਾਨ ਦਰਜ ਹੋਏ ਸਾਰੇ ਝੁਠੇ ਕੇਸਾਂ ਦੀ ਪੜਤਾਲ ਵਾਸਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਕਮਿਸ਼ਨ ਬਣਾਏਗੀ। ਉਹਨਾਂ ਕਿਹਾ ਕਿ ਝੁਠੇ ਕੇਸ ਦਰਜ ਕਰਨ ਲਈ ਜ਼ਿੰਮੇਵਾਰ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਬਾਅਦ ਵਿਚ ਸੀਨੀਅਰ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੁੰ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਚੁਣਿਆ ਗਿਆ ਹੈ। ਇਸ ਮੀਟਿੰਗ ਵਿਚ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜ੍ਹੀ ਵੀ ਸ਼ਾਮਲ ਸਨ।
ਆਪਣੀ ਲੁਧਿਆਣਾ ਫੇਰੀ ਮੌਕੇ ਸਰਦਾਰ ਬਾਦਲ ਨੇ ਸ਼ਹਿਰ ਵਿਚ ਪੈਂਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ ਜਨਤਕ ਮੀਟਿੰਗਾਂ ਕੀਤੀਆਂ।
ਇਸ ਮੌਕੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਹਰੀਸ਼ ਰਾਏ ਢਾਡਾ, ਹੀਰਾ ਸਿੰਘ ਗਾਬੜੀਆ, ਰਦਜੀਤ ਸਿੰਘ ਢਿੱਲੋਂ, ਪ੍ਰਿਤਪਾਲ ਸਿੰਘ ਪਾਲੀ, ਆਰ ਡੀ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਹਰਭਜਨ ਸਿੰਘ ਡਾਂਗ ਵੀ ਹਾਜ਼ਰ ਸਨ।