Home POLITICAL Sukhbir S Badal says CM could not suppress Punjabis crying for justice...

Sukhbir S Badal says CM could not suppress Punjabis crying for justice with sacrilegious acts

635
0
Sukhbir S Badal
Sukhbir S Badal

ਰੋਪੜ/ਬਲਾਚੌਰ, 10 ਦਸੰਬਰ (22G TV) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੇਅਦਬੀ ਮਾਮਲਿਆਂ ਲਈ ਨਿਆਂ ਦੀ ਉਡੀਕ ਕਰ ਰਹੇ ਪੰਜਾਬੀਆਂ ਦੀ ਆਵਾਜ਼ ਨੂੰ ਗੁਰਬਾਣੀ ਉੱਚੀ ਆਵਾਜ਼ ਵਿਚ ਲਗਾਉਣ ਦੇ ਹੁਕਮ ਦੇ ਕੇ ਦਬਾ ਨਹੀਂ ਸਕਦੇ ਤੇ ਇਹ ਆਪਣੇ ਆਪ ਵਿਚ ਬੇਅਦਬੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰੋਪੜ ਤੋਂ ਪਾਰਟੀ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਤੇ ਬਲਾਚੌਰ ਤੋਂ ਉਮੀਦਵਾਰ ਸੁਨੀਤਾ ਰਾਣੀ ਦੇ ਹੱਕ ਵਿਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਕ ਮੁੱਖ ਮੰਤਰੀ ਜੋ ਆਖ ਰਿਹਾ ਹੈ ਕਿ ਉਹ ਹਰ ਇਕ ਦੀ ਗੱਲ ਸੁਣਦਾ ਹੈ, ਉਹ ਹੁਣ ਨਾ ਸਿਰਫ ਲੋਕਾਂ ਤੋਂ ਭੱਜ ਰਿਹਾ ਹੈ ਬਲਕਿ ਸਿਵਲ ਤੇ ਪੁਲਿਸ ਮਸ਼ੀਨਰੀ ਦੀ ਦੁਰਵਰਤੋਂ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਜਿਹਨਾਂ ਥਾਵਾਂ ’ਤੇ ਉਹ ਜਾਂਦੇ ਹਨ, ਉਥੇ ਚੰਨੀ ਵਿਰੋਧੀ ਨਾਅਰਿਆਂ ਦੀ ਆਵਾਜ਼ ਮੱਠੀ ਕਰਨ ਲਈ ਗੁਰਬਾਣੀ ਉੱਚੀ ਆਵਾਜ਼ ਵਿਚ ਲਾਉਣ ਦੇ ਹੁਕਮ ਦੇ ਕੇ ਬੇਅਦਬੀ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਲੋਕਾਂ ਦੀ ਆਵਾਜ਼ ਦਬਾਉਣ ਲਈ ਅਜਿਹੀ ਘਟੀਆ ਤਰਕੀਬ ਵਰਤੇ ਜਾਣ ਨੁੰ ਮੁਆਫ ਨਹੀਂ ਕਰਨਗੇ।

ਸਰਦਾਰ ਬਾਦਲ ਨੇ ਮੁੱਖ ਮੰਤਰੀ ਵੱਲੋਂ ਐਸ ਐਸ ਪੀ, ਐਸ ਪੀ ਤੇ ਡੀ ਐਸ ਪੀ ਤਾਇਨਾਤ ਕਰਨ ਲਈ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰਿਸ਼ਵਤ ਲੈਣ ਦੇ ਲਾਏ ਗਏ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣ ਤੋਂ ਇਨਕਾਰ ਕਰਨ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਕੈਬਨਿਟ ਮੀਟਿੰਗ ਵਿਚ ਇਹ ਦੋਸ਼ ਲਗਾਉਣ ਦੇ ਬਾਵਜੂਦ ਇਸ ਭ੍ਰਿਸ਼ਟਾਚਾਰ ਦੇ ਕੇਸ ਦੀ ਜਾਂਚ ਦਾ ਕੋਈ ਹੁਕਮ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਕੇਸ ਵਿਚ ਧਿਰ ਬਣ ਗਿਆ ਤੇ ਇਸ ਮਾਮਲੇ ਨੁੰ ਰਫਾ ਦਫਾ ਕਰਨਾ ਚਾਹੁੰਦਾ ਹੈ। ਉਹਨਾਂ ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਸ ਵਿਚ ਸ਼ਾਮਲ ਗ੍ਰਹਿ ਮੰਤਰੀ ਸਮੇਤ ਸਾਰੇ ਲੋਕਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ।

ਇਸ ਦੌਰਾਨ ਰੋਪੜ ਵਿਚ ਡਾ. ਦਲਜੀਤ ਸਿੰ ਚੀਮਾ ਵੱਲੋਂ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਮੁਲਾਜ਼ਮਾਂ ਨੁੰ ਆਖਿਆ ਕਿ ਉਹ ਕਾਂਗਰਸ ਸਰਕਾਰ ਤੋਂ ਨਿਆਂ ਦੀ ਕੋਈ ਆਸ ਨਾ ਰੱਖਣ। ਉਹਨਾਂ ਕਿਹਾ ਕਿ ਉਹ ਕੁਝ ਮਹੀਨੇ ਉਡੀਕ ਕਰਨ। ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਬਣਦਿਆਂ ਹੀ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਕਿਵੇਂ ਸਾਰੀਆਂ ਸਮਾਜ ਭਲਾਈ ਸਕੀਮ ਬੰਦਾਂ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਨਾ ਸਿਰਫ ਸੇਵਾ ਕੇਂਦਰ ਬੰਦ ਕੀਤੇ ਬਲਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਵੀ ਬੰਦ ਕਰ ਦਿੱਤੀ ਤੇ ਪਿੰਡਾਂ ਵਿਚ ਨੌਜਵਾਨਾਂ ਲਈ ਜਿੰਮ ਤੇ ਕਿੱਟਾਂ ਵੰਡਣੀਆਂ ਵੀ ਬੰਦ ਕਰ ਦਿੱਤੀਆਂ। ਉਹਨਾਂ ਕਿਹਾ ਕਿ ਲੱਖਾਂ ਨੀਲੇ ਕਾਰਡ ਰੱਦ ਕਰ ਦਿੱਤੇ ਗਏ ਜਦੋਂ ਕਿ ਸ਼ਗਨ ਤੇ ਬੁਢਾਪਾ ਪੈਨਸ਼ਨ ਸਮੇਤ ਸਮਾਜ ਭਲਾਈ ਸਕੀਮਾਂ ਦੇ ਲਾਭ ਲੋਕਾਂ ਨੂੰ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ ।

ਡਾ. ਚੀਮਾ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਸਰਕਾਰ ਤੇ ਆਪ ਦੇ ਵਿਧਾਇਕਾਂ ਨੇ ਰੋਪੜ ਦੇ ਲੋਕਾਂ ਵਾਸਤੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਵੱਖ ਵੱਖ ਸਕੀਮਾਂ ਲਈ ਅਕਾਲੀ ਸਰਕਾਰ ਵੇਲੇ ਮਿਲੀਆਂ ਗਰਾਟਾਂ ਕਾਂਗਰਸ ਸਰਕਾਰ ਬਣਦਿਆਂ ਹੀ ਵਾਪਸ ਮੰਗਵਾ ਲਈਆਂ ਗਈਆਂ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਦੇ ਨਾਲ ਪੁੱਲਾਂ ਦਾ ਨਿਰਮਾਣ ਅਤੇ ਬਦਰ ਤੋਂ ਬੱਦੀ ਤੱਕ ਸੜਕ ਦਾ ਨਿਰਮਾਣ ਕੀਤਾ ਜਾਵੇ।

ਬਲਾਚੌਰ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਮਨਰੇਗਾ ਫੰਡਾਂ ਦੀ ਦੁਰਵਰਤੋਂ ਦੀ ਜਾਚ ਕਰੇਗੀ ਅਤੇ ਗਲਤ ਕੰਮਾਂ ਦੇ ਦੋਸ਼ ਸਾਰੇ ਕਾਂਗਰਸੀ ਵਿਧਾਇਕਾਂ ਤੇ ਸਰਪੰਚਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕੰਡੀ ਇਲਾਕੇ ਦੇ ਵਿਕਾਸ ਲਈ ਵੱਖਰਾ ਮੰਤਰਾਲਾ ਬਣਾਇਆ ਜਾਵੇਗਾ ਤੇ ਇਥੇ ਦੇ ਲੋਕਾ ਦੀਆਂ ਸਾਰੀਆਂ ਸ਼ਿਕਾਇਤਾਂ ਦੁਰ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਅਕਾਲੀ ਦਲ ਕੰਡੀ ਇਲਾਕੇ ਦੇ ਲੋਕਾਂ ਲਈ ਆਰਥਿਕ ਹਾਲਾਤ ਦੇ ਆਧਾਰ ’ਤੇ ਨੌਕਰੀਆਂ ਵਿਚ ਰਾਖਵਾਂਕਰਨ ਦੇਣ ’ਤੇ ਵਿਚਾਰ ਕਰ ਰਿਹਾ ਹੈ।

ਸਰਦਾਰ ਬਾਦਲ ਨੇ ਇਸ ਮੌਕੇ ਚੌਧਰੀ ਨੰਦ ਲਾਲ ਨੁੰ ਵੀ ਚੇਤੇ ਕੀਤਾ ਤੇ ਅਪੀਲ ਕੀਤੀ ਕਿ ਉਹ ਉਹਨਾਂ ਦੀ ਨੂੰਹ ਸੁਨੀਤਾ ਰਾਣੀ ਨੂੰ ਵੋਟ ਦੇਣ ਜੋ ਕਿ ਬਲਾਚੌਰ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਹਨ।

ਇਸ ਮੌਕੇ ਹਾਜ਼ਰ ਹੋਰਨਾਂ ਵਿਚ ਬੁੱਧ ਸਿੰਘ ਬਲਾਕੀਪੁਰ, ਜਰਨੈਲ ਸਿੰਘ ਵਾਹਿਦ, ਨਛੱਤਰਪਾਲ ਸਿੰਘ, ਹਰਮੋਹਨ ਸਿੰਘ ਸੰਧੂ ਅਮਰਜੀਤ ਸਿੰਘ ਚਾਵਲਾ ਤੇ ਅਜਮੇਰ ਸਿੰਘ ਖੇੜਾ ਵੀ ਸ਼ਾਮਲ ਸਨ।