ਚੰਡੀਗੜ੍ਹ, 19 ਸਤੰਬਰ (22G TV) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਹਾਲ ਹੀ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੇ ਸਾਜ਼ਿਸ਼ਕਾਰਾਂ ਨੂੰ ਬੇਨਕਾਬ ਕਰਨ ਲਈ ਕਦਮ ਕਿਉਂ ਨਹੀਂ ਚੁੱਕ ਰਹੀ ਤੇ ਪਾਰਟੀ ਨੇ ਇਹਨਾਂ ਸਾਜ਼ਿਸ਼ਕਾਰਾਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਸ ਘਨੌਣੇ ਅਪਰਾਧ ਦੇ ਸਾਜ਼ਿਸ਼ਕਾਰਾਂ ਦੇ ਖਿਲਾਫ ਕੇਸ ਦਰਜ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਦੋਸ਼ੀਆਂ ਦੇ ਪਿਛੋਕੜ ਦੀ ਜਾਂਚ ਲਈ ਕੋਈ ਯਤਨ ਨਹੀਂ ਕੀਤਾ ਗਿਆ ਤੇ ਇਹ ਵੀ ਨਹੀਂ ਪਤਾ ਲਾਇਆ ਗਿਆ ਕਿ ਕੀ ਉਹਨਾਂ ਨੂੰ ਸੂਬੇ ਦੇ ਸ਼ਾਂਤੀਪੂਰਨ ਮਾਹੌਲ ਨੁੰ ਖਰਾਬ ਕਰਨ ਵਾਸਤੇ ਇਹ ਘਨੌਣੀ ਕਾਰਵਾਈ ਕਰਨ ਵਾਸਤੇ ਉਕਸਾਇਆ ਗਿਆ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਨਫਰਤ ਭਰੀ ਘਟਨਾ ਦੇ ਪੰਜ ਦਿਨ ਬਾਅਦ ਵੀ ਮਾਮਲੇ ਵਿਚ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨਿਯਮਿਤ ਤੌਰ ’ਤੇ ਵਾਪਰ ਰਹੀਆਂ ਹਨ ਪਰ ਪੁਲਿਸ ਨੇ ਹੁਣ ਤੱਕ ਸਾਜ਼ਿਸ਼ ਨੁੰ ਬੇਨਕਾਬ ਨਹੀਂ ਕੀਤਾ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬਾਨ ਤੇ ਮੰਦਿਰਾਂ ਵਿਚ ਬੇਅਦਬੀਆਂ ਨਾਲ ਸ਼ਾਂਤੀ ਤੇ ਫਿਰੂਕ ਸਦਭਾਵਨਾ ਤਬਾਹ ਕਰਨ ਦਾ ਯਤਨ ਕੀਤਾ ਗਿਆ। ਉਹਨਾਂ ਕਿਹਾ ਕਿ ਪਹਿਲਾਂ ਵਾਂਗ ਹੀ ਇਸ ਵਾਰ ਵੀ ਕਾਂਗਰਸ ਸਰਕਾਰ ਇਹਨਾਂ ਬੇਅਦਬੀ ਦੀਆਂ ਯੋਜਨਾਬੱਧ ਘਟਨਾਵਾਂ ਨੂੰ ਰੋਕਣ ਵਿਚ ਨਾਕਾਮ ਰਹੀ ਹੈ ਤੇ ਇਹਨਾਂ ਕਾਰਨ ਪੰਜਾਬ ਵਿਚ ਫਿਰਕੂ ਤਣਾਅ ਵਧੇ ਹਨ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੁੰ ਸੱਟ ਵੱਜੀ ਹੈ। ਉਹਨਾਂ ਕਿਹਾ ਕਿ ਜੇਕਰ ਇਸ ਸਾਜ਼ਿਸ਼ ਨੁੰ ਸ਼ੁਰੂ ਵਿਚ ਹੀ ਠੱਲ ਪਾ ਦਿੱਤੀ ਗਈ ਹੁੰਦੀ ਤਾਂ ਫਿਰ ਸੂਬਾ ਕਾਲੇ ਦੌਰ ਵਿਚ ਨਾ ਧੱਕਿਆ ਜਾਂਦਾ।