ਅੰਮ੍ਰਿਤਸਰ, 6 ਅਕਤੂਬਰ (22G TV) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਾਰਟੀ ਦਾ ਇਕ ਵਫਦ ਛੇਤੀ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗਾ ਤੇ ਉਹਨਾਂ ਨੂੰ ਬੇਨਤੀ ਕਰੇਗਾ ਕਿ ਲਖੀਮਪੁਰ ਖੀਰੀ ਵਿਖੇ ਨਿਰਦੋਸ਼ ਕਿਸਾਨਾਂ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਨੂੰ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨੁੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਤੋਂ ਵੀ ਜਾਣੂ ਕਰਵਾਏਗਾ।
ਇਥੇ ਗੋਬਿੰਦ ਧਾਮ ਗੋਪਾਲ ਗਊਸ਼ਾਲਾ ਫੋਕਲ ਪੁਆਇੰਟ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਆਪ ਅਕਾਲੀ ਦਲ ਦੇ ਵਫਦ ਦੀ ਅਗਵਾਈ ਕਰਨਗੇ ਅਤੇ ਪਾਰਟੀ ਨੇ ਮੀਟਿੰਗ ਵਾਸਤੇ ਗ੍ਰਹਿ ਮੰਤਰੀ ਤੋਂ ਪਹਿਲਾਂ ਹੀ ਸਮਾਂ ਮੰਗਿਆ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦਾ ਇਕ ਵਫਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੂੰ ਵੱਖਰੇ ਤੌਰ ’ਤੇ ਮਿਲੇਗਾ ਉਹਨਾਂ ਨੂੰ ਨਾ ਸਿਰਫ ਕਿਸਾਨਾਂ ’ਤੇ ਹੋਏ ਦਰਿੰਦਗੀ ਵਾਲੇ ਹਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਅਤੇ ਉਹਨਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਲੋੜ ’ਤੇ ਵੀ ਜ਼ੋਰ ਦੇਵੇਗਾ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਵੀ ਪੀੜਤ ਕਿਸਾਨ ਪਰਿਵਾਰਾਂ ਨੂੰ ਨਿਆਂ ਦੇਣ ਵਾਸਤੇ ਤੇਜ਼ ਰਫਤਾਰ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਪਾਰਟੀ ਲੀਹਾਂ ਤੋਂ ਉਪਰ ਉਠਣ। ਉਹਨਾਂ ਕਿਹਾ ਕਿ ਇਹ ਸਾਖ਼ ਦਾ ਮਾਮਲਾ ਹੈ। ਲੋਕਾਂ ਨੁੰ ਗੁੱਸਾ ਹੈ ਕਿ ਦੋਸ਼ੀਆਂ ਨੂੰ ਹੁਣ ਤੱਕ ਫੜਿਆ ਨਹੀਂ ਗਿਆ। ਲੋਕ ਚਾਹੁੰਦੇ ਹਨ ਕਿ ਦੋਸ਼ੀ ਭਾਵੇਂ ਕਿੰਨੇ ਵੀ ਵੱਡੇ ਅਹੁਦੇ ’ਤੇ ਕਿਉਂ ਨਾ ਹੋਣ, ਤੁਰੰਤ ਗ੍ਰਿਫਤਾਰ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਫਿਰ ਇਹ ਮੰਨਿਆ ਜਾਵੇਗਾ ਕਿ ਉੱਤਰ ਪ੍ਰਦੇਸ਼ ਸਰਕਾਰ ਪੀੜਤ ਕਿਸਾਨ ਪਰਿਵਾਰਾਂ ਨੂੰ ਲਿਆਂ ਨਹੀਂ ਦੇਣਾ ਚਾਹੁੰਦੀ।
ਸਰਕਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਇਕ ਹੋਰ ਵਫਦ ਲਖੀਮਪੁਰ ਖੀਰੀ ਵਿਖੇ ਭੇਜੇਗਾ ਜੋ ਹਾਲਾਤ ਦਾ ਜਾਇਜ਼ਾ ਲਵੇਗਾ ਅਤੇ ਪੀੜਤ ਪਰਿਵਾਰਾਂ ਦੇ ਨਾਲ ਨਾਲ ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਨੂੰ ਵੀ ਮਿਲੇਗਾ।
ਇਸ ਤੋਂ ਪਹਿਲਾਂ ਵੀ ਇਕ ਵਫਦ ਉੱਤਰ ਪ੍ਰਦੇਸ਼ ਗਿਆ ਸੀ ਪਰ ਉਸਨੁੰ ਗਾਜ਼ੀਆਬਾਦ ਬਾਰਡਰ ’ਤੇ ਹੀ ਰੋਕ ਦਿੱਤਾ ਗਿਆ। ਇਸਹ ਮਗਰੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਵਫਦ ਦੇ ਮੈਂਬਰਾਂ ਨੇ ਗੰਭੀਰ ਹਾਲਤ ਵਿਚ ਮੇਦਾਂਤਾ ਹਸਪਤਲ ਵਿਚ ਦਾਖਲ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨਾਲ ਮੁਲਾਕਾਤ ਕੀਤੀ।
ਜਦੋਂ ਉਹਨਾਂ ਨੁੰ ਪ੍ਰਿਅੰਕਾ ਗਾਂਧੀ ਦੀ ਗ੍ਰਿਫਤਾਰੀ ਤੇ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਵੱਲੋਂ ਲਖੀਮਪੁਰ ਜਾਣ ਬਾਰੇ ਪੁੱਛਿਆ ਗਿਆ ਤਾਂ ਸਰਕਾਰ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਤਾਂ ਸਿਰਫ ਪ੍ਰਿਅੰਕਾ ਨੁੰ ਛੁਡਾਉਣ ਜਾ ਰਹੇ ਹਨ ਤੇ ਉਹਨਾਂ ਨੂੰ ਕਿਸਾਨਾਂ ਦੀ ਭਲਾਈ ਨਾਲ ਕੋਈ ਲੈਣ ਦੇਣ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪ੍ਰਿਅੰਕਾ ਗਾਂਧੀ ਦੇ ਅਕਸ ਨੂੰ ਉਭਾਰ ਕੇ ਪਾਰਟੀ ਦੀ ਚੋਣ ਮੁਹਿੰਮ ਸ਼ੁਰੂ ਕਰਨ ਲਈ ਸਿਰਤੋੜ ਯਤਨ ਕੀਤੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਪਾਰਟੀ ਗਤੀਵਿਧੀਆਂ ਵਾਸਤੇ ਡਟੀ ਹੋਈ ਹੈ।
ਇਸ ਦੌਰਾਨ ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਪਾਰਟੀ ਨੇ ਦਿੱਲੀ ਦੀ ਆਪ ਸਰਕਾਰ ਵੱਲੋਂ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਖਿਲਾਫ ਜ਼ੋਰਦਾਰ ਰੋਸ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਨੇ ਲੋਕਤੰਤਰੀ ਪ੍ਰਕਿਰਿਆ ’ਤੇ ਡਾਕਾ ਮਾਰਿਆ ਹੈ ਜਿਸ ਕਾਰਨ ਚੋਣਾਂ ਹੋਣ ਤੋਂ ਦੋ ਮਹੀਨੇ ਬਾਅਦ ਵੀ ਦਿੱਲੀ ਕਮੇਟੀ ਦਾ ਗਠਨ ਨਹੀਂ ਹੋ ਸਕਿਆ।
ਸਰਦਾਰ ਬਾਦਲ ਨੇ ਅੱਜ ਅੰਮ੍ਰਿਤਸਰ ਵਿਚ ਕਈ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ। ਉਹਨਾਂ ਨੇ ਸ਼ਕਤੀ ਨਗਰ ਤੇ ਮਜੀਠ ਮੰਡੀ ਵਿਚ ਪ੍ਰੋਗਰਾਮਾਂ ਵਿਚ ਅਖੀਰ ਵਿਚ ਸ਼ਮੁਲੀਅਤ ਕੀਤੀ ਜਿਥੇ ਇਲੈਕਟ੍ਰਾਨਿਕਸ ਅਤੇ ਟੈਕਸਟਾਈਲ ਐਸੋਸੀਏਸ਼ਨਾਂ ਨਾਲ ਗੱਲਬਾਤ ਕੀਤੀ ਤੇ ਇਥੇ ਆਜ਼ਾਦੀ ਘੁਲਾਟੀਆਂ ਤੇ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਦਾ ਸਨਮਾਨ ਕੀਤਾ। ਉਹਨਾਂ ਦੇ ਨਾਲ ਅਨਿਲ ਜੋਸ਼ੀ, ਗੁਰਪ੍ਰਤਾਪ ਟਿੱਕਾ ਤੇ ਤਲਬੀਰ ਗਿੱਲ ਸਮੇਤ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀ।