ਚੰਡੀਗੜ੍ਹ, 27 ਜੂਨ (22G TV) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ’ਤੇ ਧਿਆਨ ਨਾ ਦੇਣ ਅਤੇ ਇਸ ਮੌਕੇ ਪਾਰਟੀ ਦੀ ਮਜ਼ਬੂਤੀ ਵਾਸਤੇ ਇਕਜੁੱਟ ਹੋ ਕੇ ਕੰਮ ਕਰਨ ਤੇ ਨਾਲ ਹੀ ਜ਼ੋਰ ਦਿੱਤਾ ਕਿ ਪਾਰਟੀ ਹਰ ਕੀਮਤ ’ਤੇ ਆਪਣੇ ਸਿਧਾਂਤਾਂ ਅਤੇ ਪੰਥਕ ਕਦਰਾਂ ਕੀਮਤਾਂ ’ਤੇ ਪਹਿਰਾ ਦੇਵੇਗੀ।
ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਸਪਸ਼ਟ ਕੀਤਾ ਕਿ ਕਿਸੇ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਨਹੀਂ ਕੀਤੀ। ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੁੰ ਲੋਕਤੰਤਰੀ ਤਰੀਕੇ ਨਾਲ ਹੋਈ ਚੋਣ ਵਿਚ ਪ੍ਰਧਾਨ ਚੁਣਿਆ ਗਿਆ ਸੀ। ਉਹਨਾਂ ਕਿਹਾ ਕਿ ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਹਨ। ਉਹਨਾਂ ਕਿਹਾ ਕਿ ਇਹ ਕਿਸੇ ਇਕ ਵਿਅਕਤੀ ਕਾਰਨ ਨਹੀਂ ਹੁੰਦੀਆਂ। ਉਹਨਾਂ ਕਿਹਾ ਕਿ ਕਦੇ ਵੀ ਰਾਤੋਂ ਰਾਤ ਜਰਨੈਲ ਨਹੀਂ ਬਦਲੇ ਜਾਂਦੇ ਤੇ ਉਹਨਾਂ ਸਾਰੇ ਸੀਨੀਅਰ ਆਗੂਆਂ ਨੁੰ ਪਾਰਟੀ ਦੀ ਮਜ਼ਬੂਤੀ ਵਾਸਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸੀਨੀਅਰ ਆਗੂ ਸਰਦਾਰ ਜਗਮੀਤ ਸਿੰਘ ਬਰਾੜ ਵੱਲੋਂ ਚੁੱਕੇ ਮੁੱਦਿਆਂ ਬਾਰੇ ਅਕਾਲੀ ਆਗੂ ਨੇ ਕਿਹਾ ਕਿ ਉਹਨਾਂ ਨੇ ਹਾਲੇ ਉਹਨਾਂ ਦਾ ਬਿਆਨ ਨਹੀਂ ਵੇਖਿਆ ਪਰ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਦੇ ਅੰਦਰ ਹੀ ਸਾਰੇ ਮਸਲਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ।
ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਕਬਾਲ ਸਿੰਘ ਝੂੰਦਾਂ ਦੀ ਸਬ ਕਮੇਟੀ ਦੀ ਰਿਪੋਰਟ ਸਮੇਤ ਸਾਰੇ ਮਾਮਲਿਆਂ ’ਤੇ ਪਾਰਟੀ ਦੇ ਅੰਦਰ ਹੀ ਚਰਚਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਰਿਪੋਰਟ ’ਤੇ ਪਹਿਲਾਂ ਵੀ ਚਰਚਾ ਛਿੜੀ ਸੀ ਪਰ ਸੰਗਰੂਰ ਜ਼ਿਮਨੀ ਚੋਣ ਕਾਰਨ ਟਾਲ ਦਿੱਤੀ ਗਈ ਸੀ।
ਅਕਾਲੀ ਦਲ ਦੇ ਜਨਰਲ ਸਕੱਤਰ ਨੇ ਪਾਰਟੀ ਦੇ ਆਗੂਆਂ ਤੇ ਕੇਡਰਾਂ ਵੱਲੋਂ ਸੰਗਰੂਰ ਜ਼ਿਮਨੀ ਚੋਣ ਵਿਚ ਅਣਥੱਕ ਮਿਹਨਤ ਕਰਨ ’ਤੇ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪਾਰਟੀਆਂ ਨੂੰ ਕਦੇ ਚੰਗੇ ਤੇ ਕਦੇ ਮਾੜੇ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਵੇਖਿਆ ਹੈ ਕਿ ਕਿਵੇਂ ਭਾਜਪਾ ਜਿਸਦੇ ਦੇਸ਼ ਭਰ ਵਿਚ 3 ਸੰਸਦ ਮੈਂਬਰ ਸਨ, ਅੱਜ ਸੱਤਾ ਵਿਚ ਬਣੀ ਹੋਈ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੁੰ ਲੈ ਕੇ ਵੋਟਰਾਂ ਦਾ ਮਨ ਕਿਵੇਂ ਬਦਲਿਆ, ਇਹ ਤੁਹਾਡੇ ਸਾਹਮਣੇ ਹੈ। ਉਹਨਾਂ ਕਿਹਾ ਕਿ ਕਿਸੇ ਵੀ ਕਾਰਨ ਸਾਨੂੰ ਹੌਂਸਲਾਂ ਨਹੀਂ ਢਾਹੁਣਾ ਚਾਹੀਦਾ। ਉਹਨਾਂ ਕਿਹਾ ਕਿ ਅਕਾਲੀ ਦਲ ਸੌ ਸਾਲ ਪੁਰਾਣੀ ਸ਼ਾਨਾਮੱਤੇ ਇਤਿਹਾਸ ਵਾਲੀ ਪਾਰਟੀ ਹੈ। ਉਹਨਾਂ ਕਿਹਾ ਕਿ ਪਾਰਟੀ ਨੂੰ ਸੰਗਰੂਰ ਜ਼ਿਮਨੀ ਚੋਣ ਦੇ ਨਤੀਜੇ ਲਈ ਸਵੈ ਪੜਚੋਲ ਦੀ ਜ਼ਰੂਰਤ ਹੈ ਤੇ ਨਾਲ ਹੀ ਪਾਰਟੀ ਦੀਆਂ ਪੁਰਾਣੀਆਂ ਰਵਾਇਤਾਂ ਮੁਤਾਬਕ ਇਕਸੁਰ ਵਿਚ ਗੱਲ ਕਰਨ ਦੀ ਜ਼ਰੂਰਤ ਹੈ।
ਸੰਗਰੂਰ ਜ਼ਿਮਨੀ ਚੋਣ ਦੀ ਗੱਲ ਕਰਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਮੁਤਾਬਕ ਸਾਰੀਆਂ ਪੰਥਕ ਧਿਰਾਂ ਦੇ ਨਾਲ ਰਲ ਕੇ ਉਮੀਦਵਾਰ ਖੜ੍ਹਾ ਕੀਤਾ ਸੀ। ਉਹਨਾਂ ਕਿਹਾ ਕਿ ਅਸੀਂ ਪੰਥਕ ਜਥੇਬੰਦੀਆ ਵੱਲੋਂ ਪੇਸ਼ ਕੀਤੇ ਨਾਂ ਦੀ ਹਮਾਇਤ ਕੀਤੀ। ਬੀਬਾ ਕਮਲਦੀਪ ਕੌਰ ਰਾਜੋਆਣਾ ਨੁੰ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਇਸ ਕਰ ਕੇ ਚੋਣ ਲੜਵਾਈ ਗਈ ਕਿਉਂਕਿ ਉਹਨਾਂ ਦੇ ਭਰਾ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਕਿ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ 28 ਸਾਲਾਂ ਤੋਂ ਬਿਨਾਂ ਪੈਰੋਲ ਜੇਲ੍ਹ ਵਿਚ ਬੰਦ ਹਨ, ਨੇ ਅਜਿਹਾ ਕਰਨ ਵਾਸਤੇ ਆਖਿਆ ਸੀ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਸੰਗਰੂਰ ਵਿਚ ਸਿਧਾਂਤਕ ਲੜਾਈ ਲੜੀ ਹੇ। ਉਹਨਾਂ ਕਿਹਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸਾਰੇ ਪਲੇਟਫਾਰਮਾਂ ’ਤੇ ਲੈ ਕੇ ਜਾਵਾਂਗੇ ਅਤੇ ਕੇਂਦਰ ਨੁੰ ਵੀ ਉਹਨਾਂ ਦੀ ਤੁਰੰਤ ਰਿਹਾਈ ਵਾਸਤੇ ਆਖਾਂਗੇ। ਉਹਨਾਂ ਕਿਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੁੰ ਵੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੁੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ ਜਿਹਨਾਂ ਦੀ ਰਿਹਾਈ ਦੀ ਪ੍ਰਵਾਨਗੀ ਕੇਂਦਰ ਸਰਕਾਰ ਨੇ ਦੇ ਦਿੱਤੀ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਵੀ ਲੋਕ ਮਸਲੇ ਉਠਾਏ ਹਨ ਤੇ ਨਾਲ ਹੀ ਐਮਰਜੰਸੀ ਦਾ ਵਿਰੋਧ ਕਰਨ ਤੇ ਦਰਿਆਈ ਪਾਣੀਆਂ ’ਤੇ ਮੋਰਚੇ ਲਾਵੁਣ ਸਮੇਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਗੱਲ ਕੀਤੀ ਹੈ।
ਇਸ ਮੌਕੇ ਸੀਨੀਅਰ ਆਗੂ ਸ੍ਰੀ ਹਰਚਰਨ ਬੈਂਸ ਤੇ ਸ੍ਰੀ ਚਰਨਜੀਤ ਸਿੰਘ ਬਰਾੜ ਵੀ ਹਾਜ਼ਰ ਸਨ।