Home POLITICAL Punjab government will not allow blackout situation in Punjab: Randeep Singh Nabha

Punjab government will not allow blackout situation in Punjab: Randeep Singh Nabha

492
0
Randeep Singh Nabha Blackout Punjab
Randeep Singh Nabha Blackout Punjab

22G TV : ਪੰਜਾਬ ਦੇ ਖੇਤੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਵਿਭਾਗਾਂ ਦੇ ਮੰਤਰੀ ਸ. ਰਣਦੀਪ ਸਿੰਘ ਨਾਭਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ, ਦੇਸ਼ ‘ਚ ਕੋਲੇ ਦੇ ਸੰਕਟ ਦੇ ਬਾਵਜੂਦ ਪੰਜਾਬ ‘ਚ ਬਲੈਕ ਆਊਟ ਵਰਗੀ ਸਥਿਤੀ ਪੈਦਾ ਨਹੀਂ ਹੋਣ ਦੇਵੇਗੀ। ਅੱਜ ਨਾਭਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰਣਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਬਿਜਲੀ ਸੰਕਟ ਦੇ ਹੱਲ ਲਈ ਪੁਖ਼ਤਾ ਇੰਤਜਾਮ ਕੀਤੇ ਹਨ, ਜਿਸ ਕਰਕੇ ਪੰਜਾਬ ਦੇ ਤਾਪ ਬਿਜਲੀ ਘਰਾਂ ਲਈ ਕੋਲੇ ਦੀ ਖੇਪ ਦੀ ਸਪੈਸ਼ਲ ਰੇਲਗੱਡੀ ਬਹੁਤ ਜਲਦ ਪੰਜਾਬ ਪਹੁੰਚ ਰਹੀ ਹੈ। ਉਨਾਂ ਹੋਰ ਦੱਸਿਆ ਕਿ ਪੰਜਾਬ ‘ਚ ਡੀ.ਏ.ਪੀ ਖਾਦ ਦੀ ਵੀ ਕੋਈ ਕਿਲਤ ਨਹੀਂ ਆਵੇਗੀ ਅਤੇ 1.97 ਲੱਖ ਮੀਟ੍ਰਿਕ ਟਨ ਪੰਜਾਬ ਪੁੱਜ ਰਹੀ ਹੈ।
ਕੈਬਨਿਟ ਮੰਤਰੀ ਬਨਣ ਮਗਰੋਂ ਨਾਭਾ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਅੱਜ ਮੁੜ ਨਾਭਾ ਪੁੱਜੇ ਸ. ਰਣਦੀਪ ਸਿੰਘ ਨਾਭਾ ਆਪਣੇ ਸਵਰਗੀ ਪਿਤਾ ਤੇ ਸਾਬਕਾ ਮੰਤਰੀ ਸ. ਗੁਰਦਰਸ਼ਨ ਸਿੰਘ ਦੀ ਨਾਭਾ-ਪਟਿਆਲਾ ਬਾਈਪਾਸ ਨੇੜੇ ਸਥਿਤ ਯਾਦਗਾਰ ਵਿਖੇ ਨਤਮਸਤਕ ਹੋਏ, ਜਿੱਥੇ ਉਨਾਂ ਨੇ ਪੰਜਾਬ ਦੇ ਲੋਕਾਂ ਦੀ ਨਿਰੰਤਰ ਨਿਰਸਵਾਰਥ ਸੇਵਾ ਕਰਨ ਦਾ ਪ੍ਰਣ ਦੁਹਰਾਇਆ।
ਸ. ਨਾਭਾ ਨੇ ਅਮਲੋਹ ਹਲਕੇ ਦੇ ਨਾਲ-ਨਾਲ ਨਾਭਾ ਹਲਕੇ ਦੇ ਵਿਕਾਸ ਪ੍ਰਤੀ ਵੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਨਾਭਾ ਰਿਆਸਤ ਦਾ ਸਿੱਖ ਇਤਿਹਾਸ ‘ਚ ਉੱਘਾ ਸਥਾਨ ਹੈ ਪ੍ਰੰਤੂ ਇਥੇ ਦੇ ਵਸਨੀਕਾਂ ਅਤੇ ਨਾਭਾ ਸ਼ਹਿਰ ਨੂੰ ਬਣਦਾ ਸਥਾਨ ਨਹੀਂ ਮਿਲ ਸਕਿਆ, ਜਿਸ ਲਈ ਉਹ ਨਾਭਾ ਨੂੰ ਜ਼ਿਲਾ ਬਣਵਾਉਣ ਦੀ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਇਹ ਮੰਗ ਸਰਕਾਰ ਤੱਕ ਜਰੂਰ ਪੁੱਜਦੀ ਕਰਨਗੇ।
ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸ. ਰਣਦੀਪ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਅਪਣਾਏ ਨਿਰਦਈ ਰਵੱਈਏ ਦੀ ਜ਼ੋਰਦਾਰ ਢੰਗ ਨਾਲ ਨਿੰਦਾ ਕੀਤੀ। ਉਨਾਂ ਕਿਹਾ ਕਿ ਲਖੀਮਪੁਰ ਖੀਰੀ ਵਿਖੇ ਵਾਪਰੀ ਮੰਦਭਾਗੀ ਘਟਨਾ ਨੇ ਭਾਜਪਾ ਸਮੇਤ ਕੇਂਦਰ ਅਤੇ ਯੂ.ਪੀ. ਦੀ ਸਰਕਾਰ ਦੇ ਮੱਥੇ ‘ਤੇ ਕਲੰਕ ਲਾਇਆ ਹੈ। ਉਨਾਂ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਬਰਖਾਸਤ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਿਸਾਨਾਂ ਦਾ ਰੋਸ ਆਪ ਮੁਹਾਰੇ ਉਠਿਆ ਇਨਕਲਾਬ, ਮੋਦੀ ਸਰਕਾਰ ਲਈ ਇੱਕ ਚਿਤਾਵਨੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਅਣਗਹਿਲੀ ਬਹੁਤ ਭਾਰੀ ਪਵੇਗੀ।
ਸ. ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਦੇਸ਼ ‘ਚ ਇਸ ਸਮੇਂ ਕਿਸਾਨੀ ਸੰਕਟ ਭੋਗ ਰਹੀ ਹੈ ਅਤੇ ਕੋਈ ਵਰਗ ਖੁਸ਼ ਨਹੀਂ ਇਸ ਲਈ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਉਨਾਂ ਨੇ ਮੁੜ ਦੁਹਰਾਇਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸੂਬੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰੇਗੀ, ਜਿਸ ਲਈ ਉਨਾਂ ਨੇ ਸਿਰਤੋੜ ਯਤਨ ਅਰੰਭ ਦਿੱਤੇ ਹਨ ਅਤੇ ਇਸਦੇ ਨਤੀਜੇ ਬਹੁਤ ਜਲਦ ਕਿਸਾਨਾਂ ਦੇ ਸਾਹਮਣੇ ਹੋਣਗੇ।
ਇੱਕ ਸਵਾਲ ਦੇ ਜਵਾਬ ‘ਚ ਸ. ਰਣਦੀਪ ਸਿੰਘ ਨੇ ਕਿਹਾ ਕਿ ਪੰਜਾਬ ਨਾਲ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਧੱਕਾ ਕੀਤਾ ਹੈ, ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਕੇਂਦਰ ਨੇ ਜਿੱਥੇ ਤੇਲ ਦੀਆਂ ਕੀਮਤਾਂ ‘ਚ ਅਥਾਹ ਵਾਧਾ ਕੀਤਾ, ਉਥੇ ਹੀ ਕੁਝ ਵੱਡੇ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਾਲੇ ਕਾਨੂੰਨਾਂ ਦੀ ਵਾਪਸੀ ਨੂੰ ਲੈਕੇ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਹੈ।
ਉਨਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਲਖੀਮਪੁਰ ਖੀਰੀ ਮਾਮਲੇ ‘ਤੇ ਕਿਸਾਨਾਂ ਤੇ ਪੀੜਤਾਂ ਦੀ ਸਾਰ ਲਈ ਹੈ ਜਦਕਿ ਪ੍ਰਿਯੰਕਾ ਗਾਂਧੀ ਸਮੇਤ ਪੰਜਾਬ ਕਾਂਗਰਸ ਦੇ ਆਗੂਆਂ ਤੇ ਮੰਤਰੀਆਂ ਦੀ ਤਾਂ ਗ੍ਰਿਫ਼ਤਾਰੀ ਵੀ ਹੋਈ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਲਖੀਮਪੁਰ ਖੀਰੀ ਦੇ ਪੀੜਤਾਂ ਲਈ ਵੀ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਇਸ ਤੋਂ ਮਗਰੋਂ ਨਾਭਾ ਦੇ ਵਸਨੀਕਾਂ ਨੇ ਕੈਬਨਿਟ ਮੰਤਰੀ ਦਾ ਆਪਣੇ ਜੱਦੀ ਸ਼ਹਿਰ ਪੁੱਜਣ ‘ਤੇ ਬਾਜ਼ਾਰਾਂ ‘ਚ ਭਰਵਾਂ ਸਵਾਗਤ ਕੀਤਾ ਅਤੇ ਕਈ ਥਾਵਾਂ ‘ਤੇ ਸ. ਰਣਦੀਪ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਮੰਤਰੀ ਦਾ ਕਾਫ਼ਲਾ ਬਾਈਪਾਸ ਤੋਂ ਹੁੰਦਾ ਹੋਇਆ ਪਟਿਆਲਾ ਗੇਟ, ਭੀਖੀ ਮੋੜ, ਸਦਰ ਬਾਜ਼ਾਰ, ਸਬਜ਼ੀ ਮੰਡੀ ਤੋਂ ਹਸਪਤਾਲ ਰੋਡ, ਕਰਤਾਰਪੁਰਾ ਮੁਹੱਲਾ ਅਤੇ ਸ਼ਹਿਰ ਦੇ ਹੋਰ ਬਾਜ਼ਾਰਾਂ ‘ਚ ਪੁੱਜਾ, ਜਿੱਥੇ ਲੋਕਾਂ ਨੇ ਥਾਂ-ਥਾਂ ‘ਤੇ ਸ. ਰਣਦੀਪ ਸਿੰਘ ਦੀ ਆਮਦ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਪੰਜਾਬ ਜਲ ਸਰੋਤ ਵਿਕਾਸ ਨਿਗਮ ਦੇ ਚੇਅਰਮੈਨ ਮਹੰਤ ਹਰਵਿੰਦਰ ਸਿੰਘ ਖਨੌੜਾ, ਡੀ.ਐਸ.ਪੀ. ਰਜੇਸ਼ ਛਿੱਬੜ, ਪੀ.ਏ. ਰਾਮ ਕ੍ਰਿਸ਼ਨ ਭੱਲਾ, ਓ.ਐਸ.ਡੀ. ਸੁਭਾਸ਼ ਸ਼ਾਹੀ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ, ਬਲਵੰਤ ਸਿੰਘ ਜੀਤ ਰਾਜਗੜ, ਹਰਦੇਵ ਸਿੰਘ ਸਾਧੋਹੇੜੀ, ਹਰਦੇਵ ਸਿੰਘ ਸਰਾਓ, ਬਿਕਰਮਜੀਤ ਸਿੰਘ ਵਿੱਕੀ, ਇੰਦਰਜੀਤ ਸਿੰਘ ਦੁਲੱਦੀ, ਮੇਜਰ ਸਿੰਘ ਬਨੇਰਾ, ਬਲਜੀਤ ਸਿੰਘ ਬੱਲੀ, ਕਰਮਜੀਤ ਸਿੰਘ, ਓਮ ਪ੍ਰਕਾਸ਼ ਡੱਲਾ, ਬਲਵਿੰਦਰ ਸਿੰਘ ਸੋਢੀ, ਹੈਪੀ ਕਕਰਾਲਾ, ਹਰਭਜਨ ਸਿੰਘ ਚੱਠਾ, ਤਲਵਿੰਦਰ ਸਿੰਘ ਗੋਗੀ, ਹਰਬੰਸ ਸਿੰਘ ਥੂਹੀ, ਗੁਰਚਰਨ ਸਿੰਘ, ਛੱਜੂ ਸਿੰਘ ਸਮੇਤ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਵਰਕਰ, ਆਗੂ ਅਤੇ ਸਥਾਨਕ ਸ਼ਹਿਰੀ ਮੌਜੂਦ ਸਨ