Home Punjab/Chandigarh Punjab Congress wants to create atmosphere of terror before elections like BJP:...

Punjab Congress wants to create atmosphere of terror before elections like BJP: Harpal Singh Cheema

569
0

July 23, 2021 (22G TV) ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਵੀ ਭਾਜਪਾ ਵਾਂਗ ਚੋਣਾਂ ਮੌਕੇ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਕਰਦੀ ਹੈ ਅਤੇ ਪਾਕਿਸਤਾਨ-ਖ਼ਾਲਿਸਤਾਨ ਨੂੰ ਹਥਿਆਰ ਵਾਂਗ ਵਰਤਦੀ ਹੈ, ਪਰੰਤੂ ਇਸ ਵਾਰ ਪੰਜਾਬ ਦੇ ਲੋਕ ਅਜਿਹੀਆਂ ਬੇਤੁਕੀਆਂ ਗੱਲਾਂ ‘ਚ ਨਹੀਂ ਆਉਣਗੇ।
ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ‘ਤੇ ਤਿੱਖਾ ਪਲਟਵਾਰ ਕੀਤਾ ਅਤੇ ਕੈਪਟਨ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਕਿ ਆਮ ਆਦਮੀ ਪਾਰਟੀ ਦੇ ਪਾਕਿਸਤਾਨ ਨਾਲ ਸੰਬੰਧ ਹਨ।

ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਕਿਹਾ, ”ਪਾਕਿਸਤਾਨ ਨਾਲ ਸੰਬੰਧਾਂ ਬਾਰੇ ਉਹ ਸ਼ਖ਼ਸ ਟਿੱਪਣੀਆਂ ਕਰ ਰਿਹਾ ਹੈ, ਜਿਸ ਦੇ ਪਾਕਿਸਤਾਨੀ ਸੰਬੰਧ ਬਾਰੇ ਪੂਰੀ ਦੁਨੀਆ ਜਾਣਦੀ ਹੈ।” ਚੀਮਾ ਨੇ ਕਿਹਾ, ”ਕੈਪਟਨ ਸਾਨੂੰ ਚੀਕੂ ਅਤੇ ਸੀਤਾਫਲ ਤੱਕ ਜਾਣ ਲਈ ਮਜਬੂਰ ਨਾ ਕਰਨ। ਅਸੀਂ ਆਪਣੇ ਮੂੰਹੋਂ ਮੋਤੀ ਮਹਿਲ ਦੇ ਪਰਿਵਾਰਕ ਮੈਂਬਰਾਂ ਅਤੇ ਇੱਜ਼ਤਦਾਰ ਪੰਜਾਬੀਆਂ ਨੂੰ ਇਹ ਦੱਸ ਕੇ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ ਕਿ ਪਾਕਿਸਤਾਨੀ ਬੇਗ਼ਮ ਕੌਣ ਹੈ ਅਤੇ ਉਸ ਦੇ ਪਾਕਿਸਤਾਨੀ ਮਿਲਟਰੀ ਅਤੇ ਖੂਫੀਆ ਏਜੰਸੀਆਂ ਨਾਲ ਕੀ ਰਿਸ਼ਤੇ ਹਨ? ਇਸ ਲਈ ਕੈਪਟਨ ਪਾਕਿਸਤਾਨ ਜਾਂ ਅੱਤਵਾਦ ਵਰਗੇ ਨਾਂ ਲੈ ਕੇ ਸੂਬੇ ਦੇ ਆਮ ਲੋਕਾਂ ‘ਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਤੋਂ ਬਾਜ਼ ਆਉਣ ਅਤੇ ਰਹਿੰਦੇ ਚੰਦ ਮਹੀਨਿਆਂ ‘ਚ ਸੁਹਿਰਦਤਾ ਨਾਲ ਉਹ ਵਾਅਦੇ ਪੂਰੇ ਕਰਨ ਜੋ ਹੱਥ ‘ਚ ਸ੍ਰੀ ਗੁਟਕਾ ਸਾਹਿਬ ਫੜਕੇ ਕੀਤੇ ਸਨ, ਕਿਉਂਕਿ ਇਸ ਵਾਰ (2022) ਲੋਕਾਂ ਨੇ ਕਾਂਗਰਸੀ ਮੈਨੀਫੈਸਟੋ ਦੇ ਹਰ ਪੰਨੇ ਦਾ ਹਿਸਾਬ ਮੰਗਣਾ ਹੈ।” ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਸਨ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਮੁਲਾਕਾਤਾਂ ਕਰਦਾ ਹੈ। ਅੱਜ ਉਸੇ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਰੱਖੇ ਤਾਜਪੋਸ਼ੀ ਜਸ਼ਨਾਂ ‘ਚ ਆਮ ਆਦਮੀ ਪਾਰਟੀ ਦੇ ਪਾਕਿਸਤਾਨ ਨਾਲ ਸੰਬੰਧਾਂ ਦੀ ਬੇਬੁਨਿਆਦ ਸੁਰਲੀ ਛੱਡ ਰਹੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਢੇ ਚਾਰ ਸਾਲ ਦੇ ਨਿਕੰਮੇ ਸ਼ਾਸਨ ਕਾਰਨ ਪੈਦਾ ਹੋਏ ਲੋਕ ਰੋਹ ਅਤੇ ਕਾਂਗਰਸ ਪਾਰਟੀ ‘ਚ ਪੈਦਾ ਹੋਈ ਪਤਲੀ ਹਾਲਤ ਕਾਰਨ ਕੈਪਟਨ ਅਮਰਿੰਦਰ ਸਿੰਘ ਆਪਣਾ ਦਿਮਾਗ਼ੀ ਸੰਤੁਲਨ ਗੁਆ ਬੈਠੇ ਹਨ, ਇਸ ਲਈ ਉਨ੍ਹਾਂ ਨੂੰ ਹੁਣ ਸੱਤਾ ਅਤੇ ਸਿਆਸਤ ਤੋਂ ਖ਼ੁਦ ਹੀ ਸੰਨਿਆਸ ਲੈ ਲੈਣਾ ਚਾਹੀਦਾ ਹੈ, ਨਹੀਂ ਤਾਂ 2022 ‘ਚ ਪੰਜਾਬ ਦੇ ਲੋਕਾਂ ਨੇ ਕੈਪਟਨ ਸਮੇਤ ਪੂਰੀ ਕਾਂਗਰਸ ਦਾ ਬੋਰੀਆ ਬਿਸਤਰਾ ਗੋਲ ਕਰ ਦੇਣਾ ਹੈ।

ਚੀਮਾ ਨੇ ਕਿਹਾ ਕਿ ਅਸਲ ‘ਚ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ‘ਚ ਪਾਕਿਸਤਾਨ ਦਾ ਨਾ ਲੈ ਕੇ ਪਾਕਿਸਤਾਨੀ ਜਨਰਲ ਬਾਜਵਾ ਦੀਆਂ ਜੱਫੀਆਂ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਾਲ ਸਿੱਧੂ ਦੀ ਨਜ਼ਦੀਕੀਆਂ ਨੂੰ ਯਾਦ ਕਰਾ ਰਹੇ ਹਨ।

ਅਜੀਬ ਲੱਗੀਆਂ ਸਿੱਧੂ ਦੀਆਂ ਹਰਕਤਾਂ- ਚੀਮਾ
ਇੱਕ ਸਵਾਲ ਦੇ ਜਵਾਬ ‘ਚ ਚੀਮਾ ਨੇ ਕਿਹਾ ਕਿ ਤਾਜਪੋਸ਼ੀ ਜਸ਼ਨਾਂ ਦੌਰਾਨ ਨਵਜੋਤ ਸਿੰਘ ਸਿੱਧੂ ਦੀਆਂ ਹਰਕਤਾਂ ਅਜੀਬ ਜਾਪੀਆਂ, ਸਾਫ਼ ਦਿੱਖ ਰਿਹਾ ਸੀ ਕਿ ਸਿੱਧੂ ਦਾ ਦਿਮਾਗ਼ੀ ਸੰਤੁਲਨ ਬਿਗੜਿਆ ਹੋਇਆ ਸੀ।

ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਐਂਡ ਪਾਰਟੀ ਚਾਰ ਦਿਨ ਲੋਕਾਂ ‘ਚ ਗਏ ਤਾਂ ਜ਼ਮੀਨੀ ਹਕੀਕਤ ਅਤੇ ਲੋਕਾਂ ਦੇ ਸਵਾਲਾਂ ਨੇ ਜਸ਼ਨ ਅਤੇ ਜੋਸ਼ ਦੋਵੇਂ ਉਡਾ ਦੇਣੇ ਹਨ।

ਚੀਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੁਰਸੀ ਲਈ ਜਦੋਂ ਮਾਫ਼ੀਆ ‘ਚ ਸ਼ਾਮਲ ਵਿਧਾਇਕਾਂ, ਮੰਤਰੀਆਂ ਤੇ ਕਾਂਗਰਸੀ ਆਗੂਆਂ ਨਾਲ ਜੱਫੀਆਂ ਪਾ ਰਹੇ ਸਨ ਤਾਂ ਲੋਕਾਂ ਨੇ ਉਦੋਂ ਹੀ ਸਮਝ ਲਿਆ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਹੇਜ਼ ਨਹੀਂ, ਸਗੋਂ ਕੁਰਸੀ ਦੀ ਅੰਨ੍ਹੀ ਭੁੱਖ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਸਿੱਧੂ ਦੀ ਜੱਫੀ ਨਾਲ ਮਾਫ਼ੀਆ ‘ਚ ਸ਼ਾਮਲ ਕਾਂਗਰਸੀਆਂ ਦੇ ਪਾਪ ਧੋਏ ਜਾ ਸਕਣਗੇ?