Mohali – 22G TV ਪੰਜਾਬੀ ਇੰਡਸਟਰੀ ਵਿੱਚ ਹੁਣ ਫਿਰ ਤੋਂ ਫਿ਼ਲਮ ਦੀ ਬਹਾਰ ਆ ਗਈ ਹੈ ਤੇ ਸਿਨੇਮਾ ਘਰਾਂ ਵਿੱਚ ਵੀ ਰੌਣਕ ਦੇਖਣ ਨੂੰ ਮਿਲ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬੀ ਸਿਨੇਮਾ ਦਿਨੋਂ ਦਿਨ ਅਲੱਗ ਅਲੱਗ ਵਿਸ਼ਿਆਂ ‘ਤੇ ਫ਼ਿਲਮਾਂ ਬਣਾ ਕੇ ਦਰਸ਼ਕਾਂ ਨੂੰ ਇੱਕ ਨਵਾਂ ਤੇ ਤਾਜ਼ਗੀ ਵਾਲਾ ਕੰਟੈਂਟ ਦੇ ਰਿਹਾ ਹੈ। ਹਾਲ ਹੀ ਵਿੱਚ ਅਦਾਕਾਰਾ ਸੋਨਮ ਬਾਜਵਾ ਜੋ ਮੰਨਤ ਨਾਮ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਜੋ ਪੂਰਨ ਨਾਮ ਦਾ ਕਿਰਦਾਰ ਨਿਭਾਅ ਰਿਹਾ ਹੈ ਦੀ ਫ਼ਿਲਮ ‘ਮੈਂ ਵਿਆਹ ਨੀਂ ਕਰਾਉਣਾ ਤੇਰੇ ਨਾਲ’ ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸ ਵਿੱਚ ਗੁਰਨਾਮ ਤੇ ਸੋਨਮ ਵਿੱਚ ਜ਼ਬਰਦਸਤ ਕੈਮਿਸਟ੍ਰੀ ਦੇਖਣ ਨੂੰ ਮਿਲ ਰਹੀ ਹੈ ਤੇ ਦਰਸ਼ਕ ਉਹਨਾਂ ਦੀ ਪਿਆਰੀ ਨੋਕ-ਝੋਕ ਦੇ ਨਾਲ ਨਾਲ ਉਹਨਾਂ ਵਿਚਲੇ ਦਰਸਾਏ ਗਏ ਪਿਆਰ ਦੇ ਰਿਸ਼ਤੇ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
ਇਸ ਤੋਂ ਪਹਿਲਾਂ ਵੀ ਲੋਕ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਜੋੜੀ ਨੂੰ ਪਸੰਦ ਕਰ ਚੁੱਕੇ ਹਨ, ਸਾਲ 2019 ਵਿੱਚ ਆਈ ਇਹਨਾਂ ਦੋਵਾਂ ਦੀ ਫ਼ਿਲਮ ‘ਗੁੱਡੀਆਂ ਪਟੋਲੇ’ ਵਿੱਚ ਵੀ ਇਹਨਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਤੇ ਠੀਕ ਦੋ ਸਾਲ ਬਾਅਦ ਫਿਰ ਤੋਂ ਇਹ ਦੋਵੇਂ ‘ਮੈਂ ਵਿਆਹ ਨੀਂ ਕਰਾਉਣਾ ਤੇਰੇ ਨਾਲ’ ਫ਼ਿਲਮ ਵਿੱਚ ਨਜ਼ਰ ਆਉਣਗੇ ਜੋ ਕਿ 4 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਰੁਪਿੰਦਰ ਇੰਦਰਜੀਤ ਹਨ। ਹੁਣ ਤੱਕ ਫ਼ਿਲਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਇੱਕ ਟਾਈਟਲ ਟਰੈਕ ਹੈ ‘ਮੈਂ ਵਿਆਹ ਨੀ ਕਰਾਉਣਾ ਤੇਰੇ ਨਾਲ’ ਜੋ ਲਾਡੀ ਗਿੱਲ ਨੇ ਲਿਖਿਆ ਹੈ ਤੇ ਇਸਨੂੰ ਗਾਇਆ ਗੁਰਨਾਮ ਭੁੱਲਰ ਨੇ ਹੈ, ਇਸ ਤੋਂ ਇਲਾਵਾ ਇੱਕ ਰੋਮੈਂਟਿਕ ਗੀਤ ‘ਜਿੰਨਾ ਜਿੰਨਾ’ ਵੀ ਰਿਲੀਜ਼ ਹੋ ਰਿਲੀਜ਼ ਹੋ ਚੁੱਕਿਆ ਹੈ ਜਿਸਨੂੰ ਲਿਖਿਆ, ਗਾਇਆ ਤੇ ਕੰਪੋਜ਼ ਖੁਦ ਗੁਰਨਾਮ ਭੁੱਲਰ ਨੇ ਕੀਤਾ ਹੈ।
ਵਿਆਹਾਂ ਦੇ ਸੀਜ਼ਨ ਵਿੱਚ ਆ ਰਹੀ ਇਹ ਫ਼ਿਲਮ ਹਰ ਉਸ ਸ਼ਖਸ ਦੀ ਜ਼ਿੰਦਗੀ ਨਾਲ ਮੇਲ ਖਾਂਦੀ ਹੈ ਜੋ ਵਿਆਹ ਤੋਂ ਪਹਿਲਾਂ ਪਿਆਰ ਕਰਦੇ ਹਨ ਤੇ ਫੇਰ ਵਿਆਹ ਵੱਲ ਨੂੰ ਵੱਧਦੇ ਹਨ ਤੇ ਉਸ ਸਮੇਂ ਦੌਰਾਨ ਦੋਨਾਂ ਵਿੱਚ ਕਿਸ ਕਿਸ ਤਰ੍ਹਾਂ ਦੀ ਨੋਕ ਝੋਕ ਤੇ ਛੋਟੀਆਂ ਛੋਟੀਆਂ ਲੜਾਈਆਂ ਹੁੰਦੀਆਂ ਹਨ ਉਹ ਸਭ ਤੁਹਾਨੂੰ ਇਸ ਫ਼ਿਲਮ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਆਖਿਰਕਾਰ ਕਿਵੇਂ ਮੰਨਤ ਤੇ ਪੂਰਨ ਦਾ ਵਿਆਹ ਹੋ ਹੀ ਜਾਂਦਾ ਹੈ।