ਚੰਡੀਗੜ੍ਹ, 26 ਜੁਲਾਈ (22G TV) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਧਾਨ ਸਭਾ ਚੋਣਾ ਵਿੱਚ ਕਵਰਿੰਗ ਉਮੀਦਵਾਰ ਰਹੇ ਅਤੇ ਉੱਘੇ ਸਾਬਕਾ ਲੋਕ ਮੈਂਬਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਗੁਰਮੀਤ ਸਿੰਘ ਖੁੱਡੀਆਂ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜਿੰਨਾ ‘ਚ ਲੰਬੀ ਹਲਕੇ ਨਾਲ ਸੰਬੰਧਿਤ ਸਰਪੰਚ, ਪੰਚ, ਸਮਿਤੀ ਮੈਂਬਰ ਵੀ ਸ਼ਾਮਲ ਹਨ। ਕਾਂਗਰਸੀ ਆਗੂ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ, ਵਿਧਾਇਕ ਮੀਤ ਹੇਅਰ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਇੱਕ ਸਮਾਗਮ ਦੌਰਾਨ ਰਸਮੀ ਤੌਰ ‘ਤੇ ਸਵਾਗਤ ਕੀਤਾ।
ਭਗਵੰਤ ਮਾਨ ਨੇ ਗੁਰਮੀਤ ਸਿੰਘ ਖੁੱਡੀਆਂ ਅਤੇ ਹੋਰ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਦਾ ਦਰਦ ਰੱਖਣ ਵਾਲੀਆਂ ਸ਼ਖ਼ਸੀਅਤਾਂ ਹੁਣ ਅੱਗੇ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੀਆਂ ਹਨ ਅਤੇ ਚੰਗੇ ਬੰਦਿਆਂ ਦਾ ‘ਆਪ’ ਵਿੱਚ ਖੁੱਲ੍ਹੇ ਮਨ ਨਾਲ ਸਵਾਗਤ ਹੈ। ਮਾਨ ਨੇ ਕਿਹਾ ਕਿ ‘ਖੁੱਡੀਆਂ ਪਰਿਵਾਰ’ ਮਾਲਵੇ ਦਾ ਨਾਮਵਰ ਪਰਿਵਾਰ ਹੈ ਅਤੇ ਇਸ ਪਰਿਵਾਰ ਦਾ ਜ਼ਿਲ੍ਹਾ ਮੁਕਤਸਰ, ਫ਼ਰੀਦਕੋਟ ਅਤੇ ਬਠਿੰਡਾ ਸਮੇਤ ਪੂਰੇ ਪੰਜਾਬ ‘ਚ ਚੰਗਾ ਪ੍ਰਭਾਵ ਹੈ। ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ ਫ਼ਰੀਦਕੋਟ ਤੋਂ ਲੋਕ ਸਭਾ ਦੇ ਮੈਂਬਰ ਰਹੇ ਹਨ ਅਤੇ ਉਨ੍ਹਾਂ ਪ੍ਰਤੀ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਵਿਸ਼ੇਸ਼ ਸਤਿਕਾਰ ਹੈ।
ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਨੇ ਕਿਹਾ ਗੁਰਮੀਤ ਸਿੰਘ ਖੁੱਡੀਆਂ ਇੱਕ ਲੋਕ ਆਗੂ ਹਨ, ਜਿਨ੍ਹਾਂ ਲੋਕਾਂ ਦੀ ਤਿਆਗ ਦੀ ਭਾਵਨਾ ਨਾਲ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਬਾਦਲਾਂ ਨਾਲ ਮਿਲੀਭੁਗਤ ਕਰਕੇ ਗੁਰਮੀਤ ਸਿੰਘ ਖੁੱਡੀਆਂ ਨੂੰ ਸਿਆਸਤ ਵਿੱਚ ਉੱਪਰ ਨਹੀਂ ਉੱਠਣ ਦਿੱਤਾ।
ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਵਿਧਾਨ ਸਭਾ ਹਲਕਾ ਲੰਬੀ ਵਿੱਚ ਕਾਂਗਰਸ ਦੇ ਸਰਗਰਮ ਆਗੂ ਅਤੇ ਜ਼ਿਲ੍ਹਾ ਮੁਕਤਸਰ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ। ਜਦੋਂ ਕਿ 2017 ਦੀਆਂ ਵਿਧਾਨ ਸਭਾ ਚੋਣਾ ਵੇਲੇ ਗੁਰਮੀਤ ਸਿੰਘ ਖੁੱਡੀਆਂ ਲੰਬੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਕਵਰਿੰਗ ਉਮੀਦਵਾਰ ਸਨ। ਗੁਰਮੀਤ ਸਿੰਘ ਖੁੱਡੀਆਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਪਾਰਟੀ ਨੂੰ ਮਾਲਵਾ ‘ਚ ਕਰਾਰਾ ਝਟਕਾ ਲੱਗਿਆ ਹੈ।
ਇਸ ਸਮੇਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਮਾਲਵਾ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਕਾਂਗਰਸੀ ਵਰਕਰਾਂ ਦੀ ਅਣਦੇਖੀ ਕੀਤੀ ਹੈ। ਕਾਂਗਰਸੀ ਆਗੂ ਬਾਦਲ ਪਰਿਵਾਰ ਨਾਲ ਮਿਲੀਭੁਗਤ ਕਰਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੰਦੇ ਹਨ ਅਤੇ ਸੌਦੇਬਾਜ਼ੀ ਕਰਦੇ ਹਨ। ਇਸੇ ਲਈ ਉਹ ਆਪਣੇ ਸਾਥੀਆਂ ਨਾਲ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਖੁੱਡੀਆਂ ਨੇ ਕਿਹਾ ਕਿ ‘ਆਪ’ ਵੱਲੋਂ ਲਾਈ ਗਈ ਹਰ ਸੇਵਾ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ 2022 ਵਿੱਚ ‘ਆਪ’ ਦੀ ਸਰਕਾਰ ਬਣਾਉਣ ਲਈ ਯਤਨ ਕੀਤੇ ਜਾਣਗੇ।