Mohali (22G TV) 18 April 2022 : ਫ਼ਿਲਮ ‘ਸੌਂਕਣ ਸੌਂਕਣੇ’ ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਜਿਸ ਨੇ ਰਿਲੀਜ਼ ਹੁੰਦੇ ਹੀ ਬਹੁਤ ਵੱਡਾ ਧਮਾਕਾ ਕੀਤਾ ਹੈ! ਸੌਂਕਣ ਸੌਂਕਣੇ ਦਾ ਟ੍ਰੇਲਰ ਬਹੁਤ ਆਕਰਸ਼ਕ ਹੈ। ਇਸ ਪ੍ਰੋਜੈਕਟ ਦਾ ਸਾਰਾ ਕੰਟੈਂਟ ਬਹੁਤ ਸੋਹਣਾ ਅਤੇ ਵਿਲੱਖਣ ਹੈ। ਇਸ ਤੋਂ ਇਲਾਵਾ, ਫ਼ਿਲਮ ਦੇ ਮੁੱਖ ਨੁਕਤਿਆਂ ਵਿੱਚੋਂ ਇੱਕ ਇਸ ਦੀ ਵੱਖਰੀ ਕਹਾਣੀ ਹੋਵੇਗੀ। ਦਰਸ਼ਕਾਂ ਨੇ ਫ਼ਿਲਮ ਦੀ ਰਿਲੀਜ਼ ਡੇਟ ਤੋਂ ਲੈਕੇ ਫ਼ਿਲਮ ਦੇ ਟ੍ਰੇਲਰ ਦਾ ਬੇਹੱਦ ਇੰਤਜ਼ਾਰ ਕੀਤਾ ਹੈ ਪਰ ਹੁਣ ਇੰਤਜ਼ਾਰ ਜਲਦੀ ਹੀ ਖ਼ਤਮ ਹੋਣ ਵਾਲਾ ਹੈ।
ਕਿਹਾ ਜਾਂਦਾ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਬਹੁਤ ਖ਼ਾਸ ਹੁੰਦਾ ਹੈ। ਹੱਸਦੇ, ਖੇਡਦੇ, ਲੜ੍ਹਦੇ, ਇੱਕ ਦੂਜੇ ਨੂੰ ਸਮਝਦੇ ਜ਼ਿੰਦਗੀ ਬੀਤ ਜਾਂਦੀ ਹੈ। ਪਰ ਕੀ ਅਸਲ ਵਿੱਚ ਇਸੇ ਤਰਾਂ ਹੁੰਦਾ ਹੈ? ਬਿਲਕੁੱਲ ਨਹੀਂ, ਕਿਉਂਕਿ ਰਿਸ਼ਤੇ ‘ਚ ਪੁਆੜੇ ਪਾਉਣ ਲਈ ਬਹੁਤ ਕੁੱਝ ਹੁੰਦਾ ਹੈ। ਇਹ ਤੁਸੀਂ ਜਦੋਂ ਆਉਣ ਵਾਲੀ ਪੰਜਾਬੀ ਫ਼ਿਲਮ ਸੌਂਕਣ ਸੌਂਕਣੇ ਦੇਖੋਗੇ ਤਾਂ ਸਮਝ ਜਾਓਗੇ। ਹਾਸੇ ਤੇ ਜਜ਼ਬਾਤਾਂ ਨਾਲ ਭਰਭੂਰ, ਅੱਜ ਹੀ ਰਿਲੀਜ਼ ਹੋਏ, ਫ਼ਿਲਮ ਦੇ ਟ੍ਰੇਲਰ ਤੋਂ ਤੁਹਾਨੂੰ ਅੰਦਾਜ਼ਾ ਤਾਂ ਹੋ ਹੀ ਗਿਆ ਹੋਣਾ। ਇਹ ਤਾਂ ਤੁਸੀਂ ਜਾਣਦੇ ਹੋਣੇ ਕਿ ਕੁੜੀਆਂ ਆਪਣੇ ਕੰਨ ਦਾ ਇੱਕ ਝੁਮਕਾ ਤੱਕ ਕਿਸੇ ਨਾਲ ਨਹੀਂ ਵੰਡ ਦੀਆਂ ਪਰ ਜੇ ਆਪਣਾ ਘਰਵਾਲਾ ਹੀ ਵੰਡਣਾ ਪੈ ਗਿਆ? ਉਪਰੋਂ ਆਪਣੀ ਸੌਂਕਣ ਵੀ ਆਪ ਹੀ ਲਿਆਂਦੀ ਹੋਵੇ ਫਿਰ? ਕਿਵੇਂ ਪਟਾਕੇ ਪੈਂਦੇ ਹਨ ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ। ਨਾਲ ਹੀ ਜੀਹਨੂੰ ਲਗਦਾ ‘ਇੱਕ ਵੋਟੀ ਹੋਊ ਤਾਂ ਮੇਰੇ ਨਾਲ ਲੜੂਗੀ, 2 ਹੋਣਗੀਆਂ ਤਾਂ ਮੇਰੇ ਲਈ ਲੜਨਗੀਆਂ’ ਉਹਨਾਂ ਦਾ ਵੀ ਵਹਿਮ ਦੂਰ ਹੋ ਜਾਏਗਾ।
ਪ੍ਰਸ਼ੰਸਕ ਇਸ ਫ਼ਿਲਮ ਨੂੰ ਦੇਖਣ ਲਈ ਬਹੁਤ ਉਤਸੁਕ ਹਨ ਕਿਉਂਕਿ ਇਸ ਵਿੱਚ ਸਭ ਤੋਂ ਪ੍ਰਸਿੱਧ ਭਾਰਤੀ-ਪੰਜਾਬੀ ਹਸਤੀਆਂ ਸ਼ਾਮਲ ਹਨ। ਫ਼ਿਲਮ ਸੌਂਕਣ ਸੌਕਣੇ ‘ਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ ਤੇ ਨਿਰਮਲ ਰਿਸ਼ੀ।
ਐਮੀ ਵਿਰਕ ਜੋ ਲਗਾਤਾਰ ਆਪਣੀ ਫ਼ਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਸਰਗੁਨ ਮਹਿਤਾ ਜਿਸ ਦੇ ਚੁਲਬੁਲੇ ਸੁਭਾਅ ਤੇ ਅਦਾਕਾਰੀ ਦੇ ਲੋਕ ਕਾਇਲ ਹਨ। ਨਿਮਰਤ ਖਹਿਰਾ ਜੋ ਫ਼ਿਲਮ ਵਿੱਚ ਆਪਣੇ ਸੁਭਾਅ ਤੋਂ ਉਲਟ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਨਿਮਰਤ ਦਾ ਲੜਕਪੁਣਾ ਦੇਖਣ ਤੇ ਮਲਵਈ ਬੋਲੀ ਸੁਣਨ ਲਈ ਪ੍ਰਸ਼ੰਸਕ ਬਹੁਤ ਉਤਸੁਕ ਹਨ। ਹੁਣ ਸਰਗੁਨ ਸੌਂਕਣ ਕਿਉਂ ਲੈਕੇ ਆਈ? ਕਿਵੇਂ ਨਿਮਰਤ ਆਪਣੀ ਭੈਣ ਦੀ ਸੌਂਕਣ ਬਣੀ? ਤੇ ਹੁਣ ਕਿਵੇਂ ਇਹਨਾਂ ਦੀ ਜ਼ਿੰਦਗੀ ਇਕੱਠੇ ਅੱਗੇ ਵਧੇਗੀ, ਵਧੇਗੀ ਵੀ ਜਾਂ ਨਹੀਂ? ਇਹ ਜਾਨਣ ਲਈ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਪਏਗਾ।
ਫ਼ਿਲਮ ਦੀ ਜ਼ਬਰਦਸਤ ਕਹਾਣੀ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਅਮਰਜੀਤ ਸਿੰਘ ਸੈਰੋਂ ਦੁਆਰਾ ਬਾਕਮਾਲ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ਦਾ ਨਿਰਮਾਣ ਨਾਦ ਐਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਮਿਟਡ, ਜੇ.ਆਰ ਪ੍ਰੋਡਕਸ਼ਨ ਹਾਊਸ ਦੁਆਰਾ ਕੀਤਾ ਗਿਆ ਹੈ ਅਤੇ ਫ਼ਿਲਮ ਦਾ ਸੰਗੀਤ ਦੇਸੀ ਕਰੂ ਦੁਆਰਾ ਦਿੱਤਾ ਜਾਵੇਗਾ। ਫ਼ਿਲਮ ਦੀ ਰਿਲੀਜ਼ ਦੀ ਗੱਲ ਕਰੀਏ ਤਾਂ ਫ਼ਿਲਮ ‘ਸੌਂਕਣ ਸੌਂਕਣੇ’ 13 ਮਈ 2022 ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ।