ਚੰਡੀਗੜ੍ਹ, 5 ਅਕਤੂਬਰ (22G TV) ਕਾਂਗਰਸ ਪਾਰਟੀ ਨੁੰ ਅੱਜ ਦੋਆਬਾ ਹਲਕੇ ਵਿਚ ਉਦੋਂ ਜ਼ੋਰਦਾਰ ਝਟਕਾ ਲੱਗਾ ਜਦੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਮਿਲਕਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਕੈਪਟਨ ਹਰਿਮੰਦਿਰ ਸਿੰਘ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਕੈਪਟਨ ਹਰਿਮਦਿੰਰ ਸਿੰਘ, ਜਿਹਨਾਂ ਨੇ ਜਲੰਧਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ, ਨੇ ਵੱਡੀ ਗਿਣਤੀ ਵਿਚ ਆਪਣੇ ਕਾਂਗਰਸੀ ਸਾਥੀਆਂ ਨਾਲ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਉਹਨਾਂ ਨੁੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਸੁਲਤਾਨਪੁਰ ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਹੋਣਗੇ।
ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਹਰਿਮੰਦਿਰ ਸਿੰਘ ਸੁਲਤਾਨਪੁਰ ਲੋਧੀ ਹਲਕੇ ਵਿਚ ਅਕਾਲਹੀ ਦਲ ਦੇ ਸਰਬ ਸਹਿਮਤੀ ਨਾਲ ਬਣੇ ਉਮੀਦਾਰ ਹਨ ਤੇ ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਨੇ ਉਹਨਾਂ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ। ਉਹਨਾਂ ਨੇ ਸਾਬਕਾ ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ ਜਿਹਨਾਂ ਸੁਲਤਾਨਪੁਰ ਹਲਕੇ ਦੀ ਪਿਛਲੇ ਸਮੇਂ ਵਿਚ ਪ੍ਰਤੀਨਿਧਤਾ ਕੀਤੀ, ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸੀਨੀਅਰ ਮਹਿਲਾ ਆਗੂ ਨੇ ਛੇ ਮਹੀਨੇ ਪਹਿਲਾਂ ਉਹਨਾਂ ਨੂੰ ਆਖ ਦਿੱਤਾ ਸੀ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ ਜਿਸ ਕਾਰਨ ਪਾਰਟੀ ਨੇ ਹੁਣ ਕੈਪਟਨ ਹਰਿਮੰਦਿਰ ਸਿੰਘ ਨੂੰ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਘੋਸ਼ਤ ਕੀਤਾ ਹੈ।
ਇਸ ਮੌਕੇ ਕੈਪਟਨ ਹਰਿਮੰਦਿਰ ਸਿੰਘ ਨੇ ਕਿਹਾ ਕਿ ਉਹਨਾਂ ਨੁੰ ਇਸ ਗੱਲ ’ਤੇ ਮਾਣ ਮਹਿਸੂਸ ਹੋਇਆ ਹੈ ਕਿ ਅਕਾਲੀ ਦਲ ਤੇ ਇਸਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ’ਤੇ ਵਿਸ਼ਵਾਸ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਪਾਰਟੀ ਨੁੰ ਭਰੋਸਾ ਦੁਆਉਂਦਾ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਤੋਂ ਚੋਣਾਂ ਲੜਨਾ ਇਕ ਮਾਣ ਵਾਲੀ ਗੱਲ ਹੈ ਅਤੇ ਮੈਨੁੰ ਵਿਸ਼ਵਾਸ ਹੈ ਕਿ ਆਉਂਦੀਆਂ ਚੋਣਾਂ ਵੱਡੇ ਫਰਕ ਨਾਲ ਜਿੱਤਾਂਗਾ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਨਾਲ ਨਾਲ ਮਿਲਕਫੈਡ ਦੇ ਚੇਅਰਮੈਨ ਵਜੋਂ ਅਸਤੀਫਾ ਕਾਂਗਰਸ ਪਾਰਟੀ ਵਿਚਲੀ ਧੜੇਬੰਦੀ ਦੇ ਮੱਦੇਨਜ਼ਰ ਲਿਆ ਤੇ ਇਹ ਇਕ ਸੱਚਾਈ ਹੈ ਕਿ ਹਰ ਆਦਮੀ ਕਾਂਗਰਸ ਦੀ ਇਸ ਸਿਖ਼ਰਲੀ ਕੁਰਸੀ ਵਾਸਤੇ ਲੜਾਈ ਤੋਂ ਪ੍ਰਭਾਵਤ ਹੋ ਰਿਹਾ ਹੈ।
ਇਸ ਮੌਕੇ ਸੁਲਤਾਨਪੁਰ ਲੋਧੀ ਹਲਕੇ ਤੋਂ ਸੀਨੀਅਰ ਆਗੂ ਵੀ ਕੈਪਟਨ ਹਰਿਮੰਦਿਰ ਸਿੰ ਦੇ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਏ। ਇਹਨਾਂ ਵਿਚ ਉਹਨਾਂ ਦੇ ਪੁੱਤਰ ਕਰਨਵੀਰ ਸਿੰਘ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਜਸਵੰਤ ਸਿੰਘ ਖੱਕਵਾਲੀ, ਤਰਨਜੀਤ ਸਿੰਘ ਆਲੋਵਾਲ, ਹੀਰਾ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਲੱਡਾ, ਨਿਰਮਲ ਸਿੰਘ ਸੇਖਰਾਂ, ਅੰਗਰੇਜ਼ ਸਿੰ ਫੌਜੀ, ਨਿਰਮਲ ਸਿੰਘ ਮਲ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਸਤਵੰਤ ਸਿੰਘ ਪ੍ਰਧਾਨ ਮਜਦੂਰ ਯੂਨੀਅਨ ਆਰ ਸੀ ਐਫ, ਨਰਿੰਦਰ ਸਿੰਘ ਆਲ ਇੰਡੀਆ ਰੇਲਵੇਮੈਨ ਫੈਡਰੇਸ਼ਨ, ਖੁਸ਼ਵਿੰਦਰ ਸਿੰਘ ਮੈਂਬਰ ਆਰ ਸੀ ਐਫ ਯੂਨੀਅਨ, ਹਰਦੀਪ ਸਿੰਘ ਪ੍ਰਧਾਨ ਵੈਲਫੇਅਰ ਸੁਸਾਇਟੀ, ਸਿਕੰਦਰ ਸਿੰਘ ਬਲਾਕ ਪ੍ਰਧਾਨ, ਇੰਦਰਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਦਿਲਬਾਗ ਸਿੰਘ, ਜਨਰਲ ਸਕੱਤਰ ਸੋਝਾ ਕਮੇਟੀ, ਮਹਿੰਦਰ ਸਿੰਘ ਨੰਬਰਦਾਰ, ਇੰਟਰਨੈਸ਼ਨਲ ਕਬੱਡੀ ਖਿਡਾਰੀ, ਮਹਿੰਦਰ ਲਾਲ ਪ੍ਰਧਾਨ ਸ਼ਿਵ ਜੀ ਮੰਦਿਰ ਆਰ ਸੀ ਐਫ, ਸਵਰਨਜੀਤ ਸਿੰਘ ਸੋਢੀ ਪ੍ਰਧਾਨ ਸੁਪਰਵਾਈਜ਼ਰ ਆਰ ਸੀ ਐਫ, ਅਜੀਤ ਸਿੰਘ ਸੇਵਾ ਮੁਕਤ ਪ੍ਰਧਾਨ ਆਰ ਸੀ ਐਫ ਤੇ ਕਰਨੈਲ ਸਿੰਘ ਸਰਪੰਚ ਅਕਬਰਪੁਰ ਸ਼ਾਮਲ ਹਨ।